ਜਲੰਧਰ: ਅਕਸਰ ਹੀ ਲੋਕਾਂ ਵੱਲੋਂ ਪਾਰਟੀਆਂ ਅਤੇ ਸ਼ਾਦੀਆਂ ਵਿੱਚ ਗੋਲੀਆਂ ਚਲਾਓਣ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਨਵੀਂ ਵੀਡੀਓ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕੁੱਝ ਨੌਜਵਾਨ ਵਿਆਹ ਸਮਾਰੋਹ ਤੋਂ ਇੱਕ ਦਿਨ ਪਹਿਲਾਂ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ। ਹਵਾਈ ਫਾਇਰਿੰਗ ਦੀ ਇਹ ਵੀਡੀਓ 5 ਨਵੰਬਰ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ।
ਪੁਲਿਸ ਏ.ਡੀ.ਸੀ.ਪੀ. ਗੁਰਮੀਤ ਸਿੰਘ ਕਿੰਗਰਾ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਂਚ ਸੀਆਈਏ ਸਟਾਫ ਤੇ ਥਾਣਾ ਨੰਬਰ ਸੱਤ ਦੇ ਪ੍ਰਭਾਵੀ ਨਵੀਨ ਪਾਲ ਨੂੰ ਸੌਂਪ ਦਿੱਤੀ ਗਈ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਵੀਡੀਓ 29 ਅਕਤੂਬਰ ਨੂੰ ਗੋਲਡੀ ਨਾਂ ਦੇ ਯੁਵਕ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਦੀ ਪਾਰਟੀ ਦੀ ਹੈ।
ਉੱਥੇ ਪੰਚਮ ਤੇ ਲਵ ਨਾਂ ਦੇ ਯੁਵਕ 32 ਬੋਰ ਦੇ ਲਾਇਸੈਂਸ ਹਥਿਆਰ ਨਾਲ ਹਵਾਈ ਫਾਇਰ ਕਰ ਰਹੇ ਸੀ ਜੋ ਕਿ ਵੀਡੀਓ ਵਿੱਚ ਰਿਕਾਰਡ ਹੋ ਗਿਆ ਹੈ। ਪੁਲਿਸ ਨੇ ਵੀਡੀਓ ਦਿਖਾਈ ਦੇ ਰਹੇ ਯੁਵਕਾਂ ਦੀ ਪਹਿਚਾਣ ਕਰਵਾਈ ਜਿਸ ਵਿੱਚ ਰਿਸ਼ੀ ਪ੍ਰਾਸ਼ਰ ਤੇ ਸੰਜੇ ਮੌਜੂਦ ਹਨ। ਪੁਲਿਸ ਨੇ ਉਨ੍ਹਾਂ ਸਮੇਤ ਬਾਕੀ ਅਣਪਛਾਤੇ ਲੋਕਾਂ 'ਤੇ ਵੀ ਅਲੱਗ-ਅਲੱਗ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਵੀਡੀਓ ਵਿੱਚ ਜਿਨ੍ਹਾਂ ਹਥਿਆਰਾਂ ਨਾਲ ਹਵਾਈ ਫਾਇਰ ਕੀਤੇ ਗਏ ਹਨ ਉਹ ਲਵ ਤੇ ਸੰਜੇ ਦੇ ਸਨ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 2 ਹਥਿਆਰ ਤੇ 20 ਜ਼ਿੰਦਾ ਕਾਰਤੂਸ ਬਰਾਮਦ ਕਰ ਲਏ ਗਏ ਹਨ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਯੁਵਕ ਘਰ ਤੋਂ ਫਰਾਰ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਸਾਰੇ ਨੌਜਵਾਨਾਂ ਨੂੰ ਗ੍ਰਿਫ਼਼ਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ। ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਵੀ ਜਲੰਧਰ ਤੋਂ ਅਜਿਹੀ ਹੀ ਵੀਡੀਓ ਸਾਣਮਏ ਆਈ ਸੀ ਜਿਸ 'ਚ ਨੌਜਵਾਨ ਹਵਾਈ ਫੈਰ ਕਰ ਰਹੇ ਸੀ।