ਜਲੰਧਰ: ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ਦੇ ਅਰਥਚਾਰੇ ਨੂੰ ਨੁਕਸਾਨ ਪਹੁੰਚਾਇਆ ਹੈ। ਕੋਰੋਨਾ ਦਾ ਅਸਰ ਲਗਭੱਗ ਸਾਰੇ ਕਾਰੋਬਾਰੀਆਂ 'ਤੇ ਦੇਖਣ ਨੂੰ ਮਿਲਿਆ। ਅਜਿਹੇ ਵਿੱਚ ਜਲੰਧਰ ਦੇ ਮਿਨਰਲ ਵਾਟਰ ਦੇ ਕਾਰੋਬਾਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਹੀ ਮਿਨਰਲ ਵਾਟਰ ਬਣਾਉਣ ਵਾਲੇ ਕਾਰੋਬਾਰੀਆਂ ਮੁਤਾਬਕ ਪਿਛਲੇ ਸਾਲ ਕੋਰੋਨਾ ਕਾਰਨ ਜਿਥੇ ਉਨ੍ਹਾਂ ਨੂੰ ਨੁਕਸਾਲ ਝੱਲਣਾ ਪਿਆ ਉਥੇ ਹੀ ਕਈ ਕੁਝ ਲੋਕ ਨਕਲੀ ਕੰਪਨੀਆਂ ਬਣਾ ਕੇ ਫ਼ਾਇਦਾ ਚੁੱਕ ਰਹੇ ਹਨ। ਕਈ ਅਹਿਮ ਹਿੱਸਿਆਂ 'ਚ ਮਿਨਰਲ ਵਾਟਰ ਤੇ ਹੋਰ ਮਿਲਾਵਟੀ ਵਸਤੂਆਂ ਦੀ ਵਿਕਰੀ ਧੜੱਲੇ ਨਾਲ ਜਾਰੀ ਹੈ, ਜਿਸ ਦੇ ਬਾਵਜੂਦ ਸਿਹਤ ਵਿਭਾਗ ਵਲੋਂ ਸਬੰਧਤ ਫੈਕਟਰੀ ਮਾਲਕਾਂ ਖ਼ਿਲਾਫ਼ ਕਾਰਵਾਈ ਕਰਨੋ ਤੇ ਸੈਂਪਲ ਭਰਨੋ ਪਾਸਾ ਵੱਟਿਆ ਜਾ ਰਿਹਾ ਹੈ। ਇਸ ਪਾਣੀ ਕਾਰਨ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ।
ਨਕਲੀ ਮਿਨਰਲ ਵਾਟਰ ਵੇਚਣ ਦਾ ਕਾਰੋਬਾਰ ਹੁਣ ਸਿਖਰਾ 'ਤੇ ਹੈ। ਸ਼ਹਿਰ ਵਿਚ ਕੰਮ ਕਰ ਰਹੀਆਂ ਇਨ੍ਹਾਂ ਕੰਪਨੀਆਂ ਦੇ ਬਾਰੇ ਜਦੋਂ ਜਲੰਧਰ ਦੇ ਫੂਡ ਸੇਫਟੀ ਅਫਸਰ ਰੋਬਿਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਹਿਕਮੇ ਵੱਲੋਂ ਲਗਾਤਾਰ ਹਰ ਕੰਪਨੀ ਦਾ ਲਾਇਸੈਂਸ ਚੈੱਕ ਕੀਤਾ ਜਾਂਦਾ ਹੈ ਅਤੇ ਉਥੇ ਤਿਆਰ ਹੋਣ ਬਾਰੇ ਮਿਨਰਲ ਵਾਟਰ ਦੀ ਸੈਂਪਲਿੰਗ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਕੁਆਲਿਟੀ ਚੈੱਕ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ।