ਜਲੰਧਰ: ਬਸਤੀ ਦਾਨਿਸ਼ਮੰਦਾ ਵਿਖੇ ਗਰੀਨ ਵੈਲੀ ਇਲਾਕੇ ਵਿੱਚ ਇੱਕ 13 ਸਾਲ ਦਾ ਲੜਕਾ ਆਪਣੀ ਘਰ ਦੀ ਛੱਤ ਉੱਪਰ ਬਿਜਲੀ ਦੀਆਂ ਤਾਰਾਂ ਦੇ ਕਰੰਟ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਬਿਜਲੀ ਦੇ ਕਰੰਟ ਨਾਲ ਕਰੀਬ 90 ਫੀਸਦ ਝੁਲਸੇ ਹੋਏ ਲੜਕੇ ਹਰਸ਼ ਸਿੰਘ ਨੂੰ ਤੁਰੰਤ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਬਿਜਲੀ ਦੀਆਂ ਤਾਰਾਂ ਕਰਕੇ ਪਹਿਲੇ ਵੀ ਕਈ ਹਾਦਸੇ ਹੋ ਚੁੱਕੇ ਹਨ, ਪਰ ਬਿਜਲੀ ਵਿਭਾਗ ਇਸ ਤੇ ਕੋਈ ਕਾਰਵਾਈ ਨਹੀਂ ਕਰਦਾ। ਲੜਕੇ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਕਾਨ ਦੀ ਪਹਿਲੀ ਮੰਜ਼ਿਲ ਕਰੀਬ ਇੱਕ ਮਹੀਨਾ ਪਹਿਲਾਂ ਕਿਰਾਏ ’ਤੇ ਲਈ ਸੀ। ਜਿਸ ਵਿੱਚ ਉਹ ਰਹਿ ਰਹੇ ਸੀ, ਤਾਰਾਂ ਛੱਤ ਦੇ ਬਹੁਤ ਜਿਆਦਾ ਨੇੜੇ ਹੋਣ ਕਰਕੇ ਉਸ ਦਾ ਬੇਟਾ ਹਰਸ਼ ਸਿੰਘ ਇਨ੍ਹਾਂ ਤਾਰਾਂ ਦੀ ਚਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਇਹ ਵੀ ਪੜੋ: ਪੰਜਾਬ ਪੁਲਿਸ ਦੇ ਟਰੇਨਰ ਦੇਣਗੇ ਨੌਜਵਾਨ ਲੜਕੇ ਲੜਕੀਆਂ ਨੂੰ ਮੁਫ਼ਤ ਟਰੇਨਿੰਗ
ਮੌਕੇ ਤੇ ਪਹੁੰਚੇ ਬਿਜਲੀ ਵਿਭਾਗ ਦੇ ਕਰਮਚਾਰੀ ਦਾ ਕਹਿਣਾ ਹੈ ਕਿ ਇਸ ਇਲਾਕੇ ਵਿਚ ਬਿਜਲੀ ਦੀਆਂ ਤਾਰਾਂ ਜ਼ਿਆਦਾ ਹੋਣ ਕਰਕੇ ਇਲਾਕੇ ਦੇ ਲੋਕਾਂ ਨੂੰ ਨਾ ਸਿਰਫ ਕਈ ਵਾਰ ਇਸ ਦੇ ਲਈ ਸਚੇਤ ਕੀਤਾ ਗਿਆ ਹੈ ਬਲਕਿ ਕਈਆਂ ਘਰਾਂ ਨੂੰ ਨੋਟਿਸ ਵੀ ਦਿੱਤੇ ਗਏ ਹਨ ਕਿ ਉਹ ਆਪਣੇ ਘਰਾਂ ਦੀ ਉੱਪਰਲੀ ਮੰਜ਼ਿਲ ਨੂੰ ਢਾਹ ਦੇਣ। ਉਨ੍ਹਾਂ ਮੁਤਾਬਿਕ ਜਿਸ ਘਰ ਵਿੱਚ ਇਹ ਹਾਦਸਾ ਹੋਇਆ ਉਨ੍ਹਾਂ ਨੂੰ ਵੀ ਇਹ ਨੋਟਿਸ ਦਿੱਤਾ ਗਿਆ ਸੀ। ਨੋਟਿਸ ਲੈਣ ਵੇਲੇ ਮਕਾਨ ਮਾਲਿਕ ਨੇ ਇਕ ਮਹੀਨੇ ਦਾ ਸਮਾਂ ਮੰਗਿਆ ਸੀ ਪਰ ਅੱਜ ਕਰੀਬ ਛੇ ਮਹੀਨੇ ਹੋ ਜਾਣ ਦੇ ਬਾਅਦ ਵੀ ਉਨ੍ਹਾਂ ਨੇ ਮਕਾਨ ਦੀ ਉੱਪਰਲੀ ਮੰਜ਼ਿਲ ਨੂੰ ਨਹੀਂ ਢਾਹਿਆ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ।