ਲੁਧਿਆਣਾ: ਪੰਜਾਬ ਭਰ ਅੰਦਰ ਚਾਇਨਾ ਡੋਰ ਖਿਲਾਫ ਲਗਾਤਾਰ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ। ਇਸੇ ਕੜੀ ਅਧੀਨ ਖੰਨਾ ਵਿਖੇ ਚਾਇਨਾ ਡੋਰ ਸਮੇਤ ਗ੍ਰਿਫਤਾਰ ਕੀਤੇ ਨੌਜਵਾਨ ਨੇ ਖੁਲਾਸਾ ਕੀਤਾ ਕਿ ਉਹ ਆਪਣੀ ਮਾਂ ਦੇ ਗਿਰਵੀ ਰੱਖੇ ਗਹਿਣੇ ਵਾਪਸ ਕਰਾਉਣ ਲਈ ਰਕਮ ਇਕੱਠੀ ਕਰਨਾ ਚਾਹੁੰਦਾ ਸੀ ਤਾਂ ਕਰਕੇ ਚਾਇਨਾ ਡੋਰ ਵੇਚਣ ਲੱਗ ਗਿਆ। ਇਸ ਨੌਜਵਾਨ ਦੇ ਕਬਜ਼ੇ ਵਿੱਚੋਂ 10 ਗੱਟੂ ਬਰਾਮਦ ਕੀਤੇ ਗਏ। ਇਸਦੀ ਪਛਾਣ ਨਿਖਿਲ ਨੰਦਾ ਵਾਸੀ ਨਵੀ ਆਬਾਦੀ ਖੰਨਾ ਵਜੋਂ ਹੋਈ।
ਪਹਿਲਾਂ ਆਨਲਾਈਨ ਗੇਮ 'ਚ ਹਾਰ ਗਿਆ ਪੈਸੇ
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਿਖਿਲ ਨੰਦਾ, ਜੋ ਇੱਕ ਫੈਕਟਰੀ 'ਚ ਕੰਮ ਕਰਦਾ ਸੀ, ਉਹ ਪਹਿਲਾਂ ਆਨਲਾਈਨ ਗੇਮ 'ਚ ਪੈਸੇ ਹਾਰ ਗਿਆ ਤੇ ਫਿਰ ਇਹਨਾਂ ਪੈਸਿਆਂ ਨੂੰ ਮੋੜਨ ਲਈ ਆਪਣੀ ਮਾਂ ਦੇ ਗਹਿਣੇ ਗਿਰਵੀ ਰੱਖ ਦਿੱਤੇ। ਜਦੋਂ ਕਿਸੇ ਪਾਸਿਉਂ ਪੈਸਿਆਂ ਦਾ ਹੀਲਾ ਨਹੀਂ ਹੋਇਆ ਤਾਂ ਬਸੰਤ ਪੰਚਮੀ ਦੇ ਤਿਉਹਾਰ ਨੇੜੇ ਇਸ ਨੌਜਵਾਨ ਨੇ ਚਾਈਨਾ ਡੋਰ ਵੇਚ ਕੇ ਪੈਸੇ ਕਮਾਉਣ ਦੀ ਵਿਉਂਤ ਬਣਾਈ, ਜਿਸ ਵਿੱਚ ਉਹ ਪੁਲਿਸ ਦੇ ਜਾਲ 'ਚ ਫਸ ਗਿਆ। ਪੁਲਿਸ ਵੱਲੋਂ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਅਗਲੇ ਨੈੱਟਵਰਕ ਦੀ ਕਰ ਰਹੀ ਹੈ ਜਾਂਚ
ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਡੋਰ ਕਿੱਥੋਂ ਲਿਆਇਆ ਸੀ ਅਤੇ ਕਿਸ ਨੂੰ ਸਪਲਾਈ ਕਰਨੀ ਸੀ। ਸਿਟੀ ਥਾਣਾ ਦੇ ਐਸਐਚਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਦੇ ਨਿਰਦੇਸ਼ਾਂ ਹੇਠ ਚਾਈਨਾ ਡੋਰ ਵਿਰੁੱਧ ਮੁਹਿੰਮ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਭਾਵੇਂ ਉਹ ਡੋਰ ਵੇਚਣ ਵਾਲਾ ਹੋਵੇ ਜਾਂ ਇਸ ਦੀ ਵਰਤੋਂ ਕਰਨ ਵਾਲਾ। ਇਸ ਮੁਹਿੰਮ ਤਹਿਤ ਸਪੈਸ਼ਲ ਬ੍ਰਾਂਚ ਇੰਚਾਰਜ ਜਰਨੈਲ ਸਿੰਘ ਅਤੇ ਟੈਕਨੀਕਲ ਸੈੱਲ ਦੀ ਮਦਦ ਨਾਲ ਪੁਲਿਸ ਨੇ ਨਿਖਿਲ ਨੰਦਾ ਨੂੰ 10 ਗੱਟੂ ਡੋਰ ਸਮੇਤ ਗ੍ਰਿਫ਼ਤਾਰ ਕੀਤਾ। ਉਹ ਡੋਰ ਲੁਧਿਆਣੇ ਤੋਂ ਲਿਆਇਆ ਸੀ, ਪੁਲਿਸ ਅਗਲੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।
- ਵੱਧ ਰਹੇ ਸਾਈਬਰ ਠੱਗੀ ਦੇ ਮਾਮਲੇ, ਹੈਰਾਨ ਕਰ ਦੇਣਗੇ ਠੱਗੀ ਦੇ ਨਵੇਂ ਢੰਗ, ਜਾਣਨਾ ਚਾਹੋਗੇ ਇਨ੍ਹਾਂ ਤੋਂ ਬਚਣ ਦੇ ਤਰੀਕੇ ਤਾਂ ਕਰੋ ਕਲਿੱਕ...
- ਅੰਮ੍ਰਿਤਸਰ 'ਚ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਦੀ ਨਜਾਇਜ਼ ਪਾਰਕਿੰਗ ਖਿਲਾਫ ਕਾਰਵਾਈ, 'ਨਹੀਂ ਮੰਨੇ ਹੁਕਮ ਤਾਂ ਹੋਵੇਗਾ ਵੱਡਾ ਜ਼ੁਰਮਾਨਾ'
- ਸ਼ਹੀਦ ਲਵਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ, ਭੁੱਬਾਂ ਮਾਰ-ਮਾਰ ਰੋਂਦੇ ਬਾਪ ਨੂੰ ਦੇਖ ਕੇ ਹਰ ਕਿਸੇ ਦੀ ਅੱਖ ਹੋਈ ਨਮ