ਜਲੰਧਰ: ਪ੍ਰੀਤ ਨਗਰ ਬਸਤੀ ਭੂਰੇ ਖਾਂ ਨਜ਼ਦੀਕ ਦੋਆਬਾ ਚੌਕ ਦੀ ਰਹਿਣ ਵਾਲੀ 4 ਸਾਲ ਦੀ ਬੱਚੀ ਪੀਹੂ ਡ੍ਰੈਗਨ ਡੋਰ ਦੀ ਚਪੇਟ ਵਿੱਚ ਆਉਣ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ। ਪੀਹੂ ਦੇ ਚਿਹਰੇ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੀਹੂ ਦੇ ਪਿਤਾ ਮੁਕੇਸ਼ ਕੁਮਾਰ ਨੇ ਕਿਹਾ ਕਿ ਉਹ ਆਪਣੀ ਪਤਨੀ ਅਤੇ ਧੀ ਪੀਹੂ ਦੇ ਨਾਲ ਐਕਟਿਵਾ ਉੱਤੇ ਸਵਾਰ ਹੋ ਕੇ ਆਪਣੇ ਘਰ ਕੈਂਟ ਦੇ ਵੱਲ ਜਾ ਰਹੇ ਸੀ। ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਪਿੱਛੇ ਬੈਠੀ ਹੋਈ ਸੀ ਤੇ ਉਨ੍ਹਾਂ ਦੀ ਧੀ ਐਕਟਿਵਾ ਦੇ ਅੱਗੇ ਖੜ੍ਹੀ ਹੋਈ ਸੀ। ਜਿਵੇਂ ਹੀ ਉਹ ਦੋਆਬਾ ਚੌਂਕ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਧੀ ਡ੍ਰੈਗਨ ਡੋਰ ਦੀ ਲਪੇਟ ਵਿੱਚ ਆ ਗਈ। ਡ੍ਰੈਗਨ ਡੋਰ ਦੇ ਲੱਗਣ ਨਾਲ ਪੀਹੂ ਦਾ ਚਿਹਰਾ ਲੂਹ ਲੁਹਾਣ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਹਸਪਤਾਲ ਵਿੱਚ ਭਰਤੀ ਕੀਤਾ।
ਨਿੱਜੀ ਹਸਪਤਾਲ ਦੇ ਡਾਕਟਰ ਅਨੁਭਵ ਗੁਪਤਾ ਨੇ ਕਿਹਾ ਕਿ ਬੱਚੀ ਦੇ ਹਾਲਾਤ ਅਜੇ ਤੱਕ ਨਾਜ਼ੁਕ ਬਣੀ ਹੋਈ ਹੈ ਬਾਕੀ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚੀ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਹੈ। ਅੱਖਾਂ ਦੇ ਡਾਕਟਰਾਂ ਨੇ ਉਸ ਦਾ ਚੈੱਕਅੱਪ ਕੀਤਾ ਹੈ ਉਹ ਮੁੜ ਇੱਕ ਵਾਰ ਹੋਰ ਬੱਚੀ ਦੀ ਅੱਖਾਂ ਦੀ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਡ੍ਰੈਗਨ ਡੋਰ ਦੇ ਕਾਰਨ ਕਈ ਅਜਿਹੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਇਸ ਦੀ ਪਾਬੰਦੀ ਅਜੇ ਤੱਕ ਸ਼ਹਿਰ ਵਿੱਚ ਦਿਖਾਈ ਨਹੀਂ ਦੇ ਰਹੀ ਹੈ।