ਜਲੰਧਰ: ਸ਼ਹਿਰ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ ਤੇ ਸਿਵਲ ਹਸਪਤਾਲ ਵਿੱਚ ਡੇਂਗੂ ਵਾਰਡ ਬਣਾਇਆ ਗਿਆ ਹੈ। ਸਿਹਤ ਮਹਿਕਮੇ ਦੇ ਡਾਕਟਰ ਸ਼ੋਭਨਾ ਮੁਤਾਬਕ ਜ਼ਿਲ੍ਹੇ ਵਿੱਚ ਹੁਣ ਤੱਕ 761 ਡੇਂਗੂ ਦੇ ਸ਼ੱਕੀ ਮਰੀਜ਼ ਆਏ ਹਨ ਜਿਨ੍ਹਾਂ ਵਿੱਚੋਂ 215 ਮਰੀਜ਼ ਪਾਜ਼ੀਟਿਵ ਪਾਏ ਗਏ ਹਨ।
ਇਸ ਬਾਰੇ ਹਸਪਤਾਲ ਦੀ ਡਾਕਟਰ ਸ਼ੋਭਨਾ ਨੇ ਦੱਸਿਆ ਕਿ ਹੁਣ ਤੱਕ ਜਿੰਨੇ ਮਰੀਜ਼ਾਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 117 ਸ਼ਹਿਰੀ ਇਲਾਕੇ ਦੇ ਹਨ ਜਦ ਕਿ 98 ਮਰੀਜ਼ ਪੇਂਡੂ ਇਲਾਕੇ ਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਤੇ ਕਿਸੇ ਵੀ ਜਗ੍ਹਾ 'ਤੇ ਪਾਣੀ ਨੂੰ ਜ਼ਿਆਦਾ ਦੇਰ ਤੱਕ ਜਮ੍ਹਾ ਨਾ ਹੋਣ ਦੇਣ।
ਉਨ੍ਹਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਘਰਾਂ ਵਿੱਚ ਪਏ ਗਮਲੇ ਟਾਇਰ ਬੋਤਲਾਂ ਤੇ ਘਰ ਵਿੱਚ ਪਾਣੀ ਇਕੱਠਾ ਕਰਨ ਵਾਲੇ ਹੋਰ ਸਾਮਾਨ ਵਿੱਚ ਪਾਣੀ ਨੂੰ ਜ਼ਿਆਦਾ ਦੇਰ ਤੱਕ ਨਾ ਰੱਖਣ ਦੇਣ। ਇਸ ਦੇ ਨਾਲ ਹੀ ਆਪਣੇ ਕੂਲਰਾਂ ਦੀ ਵੀ ਲਗਾਤਾਰ ਸਫ਼ਾਈ ਰੱਖਣ ਤਾਂ ਕਿ ਡੇਂਗੂ ਦਾ ਮੱਛਰ ਪੈਦਾ ਹੀ ਨਾ ਹੋ ਸਕੇ।
ਡਾਕਟਰ ਮੁਤਾਬਿਕ ਡੇਂਗੂ ਨਾਲ ਨਿਪਟਣ ਲਈ ਸਿਹਤ ਮਹਿਕਮਾ ਪੂਰੀ ਤਰ੍ਹਾਂ ਤਿਆਰ ਹੈ ਤੇ ਹਸਪਤਾਲ ਵਿੱਚ ਇੱਕ ਡੇਂਗੂ ਵਾਰਡ ਵੀ ਬਣਾਇਆ ਗਿਆ ਹੈ।