ਹੁਸ਼ਿਆਰਪੁਰ: ਇਕ ਪਾਸੇ ਸ਼ਹਿਰ ਵਿਚ ਵਿਕਾਸ ਦੇ ਵੱਡੇ- ਵੱਡੇ ਦਾਅਵੇ ਕਰਦੇ ਸਿਆਸੀ ਲੀਡਰ ਥੱਕਦੇ ਨਹੀਂ ਤੇ ਦੂਜੇ ਪਾਸੇ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਸਿਆਸੀ ਲੀਡਰ ਆਪਣੀ ਪਿੱਠ ਖ਼ੁਦ ਥਪਥਪਾਉਣ ਦੀ ਐਨੀ ਕਾਹਲ ਵਿਚ ਹਨ ਕਿ ਸ਼ਹਿਰ ਵਿੱਚ ਵਿਕਾਸ ਦੇ ਨਾਮ ਤੇ ਅੱਜ ਹੋਈ ਬੇਮੌਸਮੀ ਬਾਰਿਸ਼ ਵਿਚ ਖੜ੍ਹੇ ਪਾਣੀ ਵਿੱਚ ਹੀ ਸੜਕ ਬਣਾਉਂਦੇ ਕਰਮਚਾਰੀ ਅਤੇ ਅਧਿਕਾਰੀ ਦਿਖਾਈ ਦੇ ਰਹੇ ਸਨ।
ਤੁਹਾਡੀ ਉਤਸੁਕਤਾ ਨੂੰ ਖ਼ਤਮ ਕਰਦਿਆਂ ਦੱਸਦੇ ਹਾਂ ਕਿ ਇਹ ਤਸਵੀਰਾਂ ਹਨ ਹੁਸ਼ਿਆਰਪੁਰ ਸ਼ਹਿਰ ਦੇ ਮੁਹੱਲਾ ਪ੍ਰੀਤ ਨਗਰ ਦੀਆ ਜਿੱਥੇ ਬਾਅਦ ਦੁਪਹਿਰ ਸ਼ਹਿਰ ਵਿਚ ਬਾਰਿਸ਼ ਹੋਈ ਤਾਂ ਇਸ ਦਰਮਿਆਨ ਪ੍ਰੀਤਨਗਰ ਦੇ ਵਿਚ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਗਈ। ਇਸ ਬਾਰੇ ਮੌਕੇ ਤੇ ਪਹੁੰਚੀ ਪੱਤਰਕਾਰਾਂ ਦੀ ਟੀਮ ਨੇ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਬਾਰਿਸ਼ ਤੋਂ ਬਾਅਦ ਖੜੇ ਪਾਣੀ ਦੇ ਵਿਚ ਸੜਕ ਨਿਰਮਾਣ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਜਦੋਂ ਇਸ ਸਬੰਧੀ ਮੌਕੇ ਤੇ ਮੌਜੂਦ ਕੁਝ ਕਰਮਚਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੈਮਰਾ ਦੇ ਕੇ ਜਾਂ ਤਾਂ ਖਿਸਕਦੇ ਨਜ਼ਰ ਆਏ ਜਾਂ ਉਨ੍ਹਾਂ ਦੇ ਕੋਲ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਇਕ ਕਰਮਚਾਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇੱਥੇ ਤਾਂ ਬਾਰਿਸ਼ ਨਹੀਂ ਹੋਈ।
ਇਸ ਸਬੰਧੀ ਜਦੋਂ ਮੇਅਰ ਨਾਲ ਪੱਤਰਕਾਰਾਂ ਨੇ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਪੱਤਰਕਾਰਾਂ ਦਾ ਫੋਨ ਚੁੱਕਣਾ ਵੀ ਵਾਜਬ ਨਹੀਂ ਸਮਝਿਆ ਗਿਆ, ਜਿਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਬੀਤੇ ਸਮੇਂ ਦੇ ਵਿਚ ਮੀਡੀਆ ਵੱਲੋਂ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੌਰਾਨ ਲੋਕਾਂ ਨੂੰ ਆਉਣ ਵਾਲੀਆਂ ਵੱਡੀਆਂ ਔਕੜਾਂ ਬਾਰੇ ਖੁਲਾਸੇ ਕਰਨ ਤੋਂ ਬਾਅਦ ਵੀ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ।
ਜਦੋਂ ਮੁਹੱਲਾ ਵਾਸੀਆਂ ਦਾ ਇਸ ਬਾਰੇ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਸਿਰਫ਼ ਅਤੇ ਸਿਰਫ਼ ਪੈਸੇ ਦੀ ਬਰਬਾਦੀ ਹੈ ਇਹ ਸੜਕ ਬਹੁਤੇ ਦਿਨ ਟਿਕਣਯੋਗ ਨਹੀਂ ਹੈ। ਮੁਹੱਲਾ ਵਾਸੀਆਂ ਨੇ ਜਦੋਂ ਦੇਖਿਆ ਕਿ ਮੌਕੇ ਤੇ ਪੱਤਰਕਾਰਾਂ ਨੂੰ ਜਵਾਬ ਦੇਣ ਵਾਲਾ ਕੋਈ ਵੀ ਜ਼ਿੰਮੇਵਾਰ ਕਰਮਚਾਰੀ ਜਾਂ ਅਧਿਕਾਰੀ ਨਹੀਂ ਤਾਂ ਉਨ੍ਹਾਂ ਨੇ ਮੀਡੀਆ ਦੇ ਰਾਹੀਂ ਪ੍ਰਸ਼ਾਸਨ ਨੂੰ ਹੀ ਸਵਾਲ ਕਰ ਦਿੱਤਾ ਕਿ ਇਸ ਮੌਕੇ ਤੇ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਕਿਉਂ ਮੌਜੂਦ ਨਹੀਂ ਹੈ।