ਹੁਸ਼ਿਆਰਪੁਰ: ਕਸਬਾ ਮੁਕੇਰੀਆਂ ਵਿਖੇ ਇੱਕ ਵਿਆਹੁਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ-ਹੱਤਿਆ ਕਰ ਲਈ। ਵਿਆਹੁਤਾ ਨੇ ਆਤਮ-ਹੱਤਿਆ ਤੋਂ ਪਹਿਲਾਂ ਇੱਕ ਵੀਡੀਓ ਰਾਹੀਂ ਆਪਣੀ ਮੌਤ ਲਈ ਆਪਣੇ ਦਿਓਰ ਅਤੇ ਸਹੁਰੇ ਨੂੰ ਜ਼ਿੰਮੇਵਾਰ ਠਹਿਰਾਇਆ। ਮ੍ਰਿਤਕਾ ਰੀਤੂ ਬਾਲਾ ਨੇ ਵੀਡੀਓ ਵਿੱਚ ਬਿਆਨ ਦਿੱਤਾ ਕਿ ਉਸਦੇ ਸਹੁਰੇ ਅਤੇ ਦਿਓਰ ਨੇ ਉਸ ਨੂੰ ਇਹ ਕਦਮ ਚੁੱਕਣ 'ਤੇ ਮਜਬੂਰ ਕੀਤਾ ਹੈ।
ਮ੍ਰਿਤਕਾ ਦੇ ਭਰਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਰਿਤੂ ਬਾਲਾ ਦਾ ਵਿਆਹ ਕਰੀਬ 4 ਸਾਲ ਪਹਿਲਾਂ ਮੁਕੇਰੀਆਂ ਵਾਸੀ ਸੁਖਵਿੰਦਰ ਸਿੰਘ ਨਾਲ ਹੋਇਆ ਸੀ| ਉਸ ਦੇ ਘਰ ਇੱਕ ਲੜਕਾ ਹੋਇਆ ਜਿਸਦੀ ਉਮਰ ਹੁਣ 3 ਸਾਲ ਦਾ ਹੈ। ਜੀਜਾ ਪਠਾਨਕੋਟ ਵਿਖੇ ਸਰਵਿਸ ਸਟੇਸ਼ਨ ਦਾ ਕੰਮ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਮੇਰੀ ਭੈਣ ਦਾ ਦਿਉਰ ਸ਼ੈਲੀ ਅਤੇ ਸਹੁਰਾ ਪ੍ਰੇਮ ਸਿੰਘ ਉਸ ਨੂੰ ਬਿਨ੍ਹਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਕਾਰਨ ਉਨ੍ਹਾਂ ਦੇ ਤਸ਼ੱਦਦ ਤੋਂ ਦੁਖੀ ਹੋ ਕੇ ਰੀਤੂ ਨੇ ਆਤਮ ਹੱਤਿਆ ਕਰ ਲਈ। ਮ੍ਰਿਤਕਾ ਦੇ ਮੋਬਾਈਲ ਵਿੱਚ ਇਕ ਵੀਡੀਓ ਵੀ ਪੁਲਿਸ ਨੂੰ ਮਿਲੀ ਹੈ ਜਿਸ ਵਿੱਚ ਉਸ ਨੇ ਖ਼ੁਲਾਸਾ ਕੀਤਾ ਹੈ ਕਿ ਉਸ ਦਾ ਦਿਉਰ ਅਤੇ ਸਹੁਰਾ ਉਸਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕਰਦੇ ਸਨ। ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਰੀਤੂ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਦਿਉਰ ਅਤੇ ਸਹੁਰੇ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕੀਤਾ ਗਿਆ ਹੈ।