ਹੁਸ਼ਿਆਰਪੁਰ: ਨੇੜਲੇ ਪਿੰਡ ਖਿਆਲਾ ਵਿਖੇ ਸਵੇਰੇ ਇੱਕ ਗੱਡੀ ਸਵਾਰ ਅਣਪਛਾਤਿਆਂ ਵੱਲੋਂ ਪੰਚਾਇਤ ਮੈਂਬਰ 'ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਹਮਲੇ ਦੌਰਾਨ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਉਸ ਦੇ ਪੈਰ ਵਿੱਚ ਜਾ ਲੱਗੀ। ਪੀੜਤ ਧਰਮਿੰਦਰ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਮਲੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਂਚ ਵਿੱਚ ਜੁਟੀ ਹੋਈ ਸੀ।
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਮੌਜੂਦਾ ਪੰਚਾਇਤ ਮੈਂਬਰ ਹੈ ਅਤੇ ਸਵੇਰੇ ਹਵੇਲੀ ਤੋਂ ਪਸ਼ੂਆਂ ਨੂੰ ਪਾਣੀ ਪਿਆ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਗਲੀ ਵਿੱਚ ਖੜੇ ਸਵਿਫਟ ਕਾਰ ਸਵਾਰ ਨੌਜਵਾਨਾਂ ਨੇ ਪਹਿਲਾਂ ਉਸ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਗੱਡੀ ਵਿੱਚੋਂ ਉਤਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇੱਕ ਨੌਜਵਾਨ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚੋਂ ਇੱਕ ਉਸ ਦੇ ਪੈਰ ਵਿੱਚ ਜਾ ਲੱਗੀ।
ਉਸ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਪਿੰਡ ਵਿੱਚ ਗਰਾਊਂਡ ਨੂੰ ਲੈ ਕੇ ਦੋ ਮੁੰਡਿਆਂ ਵਿੱਚ ਝਗੜਾ ਹੋਇਆ ਸੀ, ਜਿਸ ਵਿੱਚ ਰਾਜੀਨਾਵੇਂ ਲਈ ਪੰਚਾਇਤ ਮੈਂਬਰ ਵੱਜੋਂ ਉਹ ਸਰਪੰਚ ਦੇ ਕਹਿਣ 'ਤੇ ਗਿਆ ਸੀ, ਪਰ ਝਗੜਾ ਵਧ ਗਿਆ ਸੀ। ਫਿਰ ਵੀ ਰਾਜੀਨਾਵਾਂ ਹੋ ਗਿਆ ਸੀ। ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਹਮਲਾ ਇਸ ਝਗੜੇ ਕਾਰਨ ਹੀ ਕੀਤਾ ਗਿਆ ਹੋਵੇ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਫਿਲਹਾਲ ਅਜੇ ਤੱਕ ਝਗੜੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।