ਹੁਸ਼ਿਆਰਪੁਰ: ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਦੇ ਤਹਿਤ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੜਕੀਆਂ ਨੂੰ ਪੜ੍ਹਾ ਕੇ ਕਾਮਯਾਬ ਬਣਾਇਆ ਜਾ ਸਕੇ,ਪਰ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਤਾਜ਼ਾ ਆਂਕੜਿਆਂ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਤਾਜ਼ਾ ਆਂਕੜਿਆਂ ਅਨੁਸਾਰ ਸੂਬੇ ਭਰ ਦੇ ਵਿੱਚੋ ਸ਼ਹਿਰ ਗੜ੍ਹਸ਼ੰਕਰ ਦੇ ਵਿੱਚ ਲਿੰਗ ਅਨੁਪਾਤ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਬੇਟੀ ਪੜ੍ਹਾਓ ਬੇਟੀ ਬਚਾਓ ਲਈ ਜਾਗਰੂਕ ਕੀਤਾ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ SMO ਰਮਨ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਲੋਕ ਇਸ ਦਾ ਲਾਹਾ ਨਹੀਂ ਲੈਂਦੇ ਤਾਂ ਲੋਕਾਂ ਦੇ ਨਾਲ ਨਾਲ ਸਰਕਾਰ ਦਾ ਵੀ ਨੁਕਸਾਨ ਹੁੰਦਾ ਹੈ। SMO ਨੇ ਕਿਹਾ ਕਿ ਤਾਜ਼ਾ ਅੰਕੜਿਆਂ ਮੁਤਾਬਿਕ ਸੂਬੇ ਭਰ ਵਿੱਚ ਹੋਏ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਸ਼ਹਿਰ ਗੜ੍ਹਸ਼ੰਕਰ ਦੇ ਵਿੱਚ ਲੜਕਿਆਂ ਨਾਲੋਂ ਲੜਕੀਆਂ ਦੀ ਗਿਣਤੀ ਬਹੁਤ ਘੱਟ ਦਰਜ਼ ਕੀਤੀ ਗਈ ਹੈ, ਜੋ ਕਿ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਮਾਪਿਆਂ ਵਲੋਂ ਕੁੜੀਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਹਨਾਂ ਕਿਹਾ ਕਿ ਲੋਕਾਂ ਵੱਲੋਂ ਕੁੜੀਆਂ ਮੁੰਡਿਆਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪੋਸਟਰ ਅਤੇ ਸੈਮੀਨਾਰ ਲਗਾਕੇ 'ਬੇਟੀ ਪੜ੍ਹਾਓ ਬੇਟੀ ਬਚਾਓ' ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਡਲਿਵਰੀ ਸਰਕਾਰੀ ਹਸਪਤਾਲ ਵਿੱਚ ਕਰਵਾਈ ਜਾਵੇ ਤਾਂ ਜੋ ਹਸਪਤਾਲ ਆਉਣ ਵਾਲਿਆਂ ਵਿੱਚ ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਡਲਿਵਰੀ ਕਰਵਾਉਣ ਦੇ ਨਾਲ ਭੋਜਨ, ਜਣੇਪਾ ਅਤੇ ਹਰ ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਐਸ.ਐੱਮ.ਓ ਰਮਨ ਕੁਮਾਰ ਨੇ ਦੱਸਿਆ ਕਿ ਸਰਕਾਰ ਵਲੋਂ ਗਰਭਵਤੀ ਔਰਤ ਨੂੰ ਜਣੇਪੇ ਤੋਂ ਬਾਅਦ ਸਰਕਾਰ ਵਲੋਂ ਪੈਸੇ ਵੀ ਦਿੱਤੇ ਜਾਂਦੇ ਹਨ। ਉਨ੍ਹਾਂ ਸ਼ਹਿਰ ਗੜ੍ਹਸ਼ੰਕਰ ਦੇ ਸਕੈਨ ਸੈਂਟਰਾਂ ਅਤੇ ਪ੍ਰਾਈਵੇਟ ਹਸਪਾਲ ਦੇ ਸੰਚਾਲਕਾਂ ਨੂੰ ਅਪੀਲ ਕੀਤੀ ਕਿ ਲਿੰਗ ਅਨੁਪਾਤ ਵਿੱਚ ਸੁਧਾਰ ਕਰਨ ਲਈ ਉਨ੍ਹਾਂ ਦੀ ਮੱਦਦ ਕਰਨ।
ਗਰਭਵਤੀ ਔਰਤਾਂ ਦੀ ਦੇਖਭਾਲ ਲਈ ਖ਼ਾਸ ਹਿਦਾਇਤਾਂ: ਐਸ.ਐਮ.ਓ ਨੇ ਦੱਸਿਆ ਕਿ ਸਿਵਿਲ ਹਸਪਾਲ ਵਿੱਚ ਗਰਭਵਤੀ ਔਰਤਾਂ ਦੀ ਖ਼ਾਸ ਦੇਖਭਾਲ ਲਈ ਵਿਸ਼ੇਸ਼ ਤੌਰ 'ਤੇ ਕਰਮਚਾਰੀਆਂ ਨੂੰ ਸਖ਼ਤ ਨਿਰਦੇਸ਼ ਕੀਤੇ ਹੋਏ ਹਨ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਸਿਵਿਲ ਹਸਪਤਾਲ ਗੜ੍ਹਸ਼ੰਕਰ ਦੇ ਵਿੱਚ ਡਿਲੀਵਰੀ ਕਰਵਾਉਣ ਅਤੇ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਸਕੀਮਾਂ ਦਾ ਲਾਭ ਲੈਣ। ਉਨ੍ਹਾਂ ਸ਼ਹਿਰ ਗੜ੍ਹਸ਼ੰਕਰ ਦੇ ਕੌਂਸਲਰਾਂ ਅਤੇ ਮੋਹਤਵਰਾਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।