ਹੁਸ਼ਿਆਰਪੁਰ: ਪਿੰਡ ਬਘੌਰਾ ਵਿਖੇ ਰਹਿੰਦੇ ਇੱਕ ਪਰਿਵਾਰ ਦੇ ਜਵਾਈ ਨੇ ਸਵੇਰੇ 11 ਵਜੇ ਦੇ ਕਰੀਬ ਸਹੁਰੇ ਘਰ ਵਿੱਚ ਦਾਖ਼ਲ ਹੋ ਕੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਤੇ ਸੱਸ ਸਹੁਰੇ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਨੂੰ ਆਜੰਮ ਦੇਣ ਤੋਂ ਬਾਅਦ ਦੋਸ਼ੀ ਬਾਹਰ ਨਿਕਲਿਆ ਤਾਂ ਪਿੰਡ ਵਾਸੀਆਂ ਨੇ ਘੇਰਾ ਪਾ ਕੇ ਉਸ ਨੂੰ ਫ਼ੜ ਲਿਆ ਤੇ ਉਸ ਦਾ ਖ਼ੂਬ ਕੁਟਾਪਾ ਕਰਕੇ ਉਸ ਨੂੰ ਮਾਹਿਲਪੁਰ ਪੁਲਿਸ ਹਵਾਲੇ ਕਰ ਦਿੱਤਾ। ਇਸ ਮੌਕੇ ਏਸੀਪੀ ਤੁਸ਼ਾਰ ਗੁਪਤਾ, ਥਾਣਾ ਮੁਖ਼ੀ ਸਤਵਿੰਦਰ ਸਿੰਘ ਪੁਲਿਸ ਪਾਰਟੀਆਂ ਲੈ ਕੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਭਰਾ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਆਸ਼ਾ ਰਾਣੀ ਦਾ ਵਿਆਹ 35 ਸਾਲ ਪਹਿਲਾਂ ਫ਼ਗਵਾੜਾ ਦੇ ਹਰਦੀਪ ਕੁਮਾਰ ਨਾਲ ਹੋਇਆ ਸੀ ਜੋ ਕਿ ਰੇਲਵੇ 'ਚ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ ਹਰਦੀਪ ਕੁਮਾਰ ਅਕਸਰ ਹੀ ਮਾਮੂਲੀ ਗੱਲਾਂ 'ਤੇ ਆਸ਼ਾ ਨਾਲ ਝਗੜਾ ਕਰਕੇ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਉਸ ਨੇ ਕਿਹਾ ਕਿ 9 ਫ਼ਰਵਰੀ 2021 ਨੂੰ ਵੀ ਉਨ੍ਹਾਂ ਦੇ ਜਵਾਈ ਨੇ ਆਸ਼ਾ ਰਾਣੀ ਦੀ ਬੁਰੀ ਤਰਾਂ ਕੁੱਟਮਾਰ ਕੀਤੀ।
ਉਸ ਨੂੰ ਆਪ ਹੀ ਹਸਪਤਾਲ ਲੈ ਗਿਆ ਅਤੇ ਜਿੱਥੋਂ ਉਸ ਨੇ ਅਫ਼ਵਾਹ ਉਡਾ ਦਿੱਤਾ ਕਿ ਆਸ਼ਾ ਰਾਣੀ ਹਸਪਤਾਲ 'ਚੋਂ ਦੌੜ ਗਈ ਹੈ। ਉਸ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਵੀ ਆਸ਼ਾ ਰਾਣੀ ਨੂੰ ਲੱਭਣ ਲਈ ਬੇਨਤੀਆਂ ਕੀਤੀਆਂ ਤਾਂ ਤਿੰਨ ਦਿਨ ਬਾਅਦ ਕਿਸੇ ਦੇ ਫ਼ੋਨ ਤੋਂ ਉਨ੍ਹਾਂ ਨੂੰ ਆਸ਼ਾ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਜ਼ਖ਼ਮੀ ਹਾਲਤ 'ਚ ਲੈ ਕੇ ਆਏ ਅਤੇ ਇਲਾਜ ਕਰਵਾਇਆ ਅਤੇ ਫ਼ਗਵਾੜਾ ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਵੀ ਦਰਜ਼ ਕੀਤਾ।
ਇਹ ਵੀ ਪੜ੍ਹੋ: ਜੇਕਰ ਖੇਤੀ ਕਾਨੂੰਨ ਰੱਦ ਹੁੰਦੇ ਹਨ ਤਾਂ ਡਿੱਗ ਸਕਦੀ ਹੈ ਕੇਂਦਰ ਸਰਕਾਰ: ਰੁਲਦੂ ਸਿੰਘ
ਉਸ ਨੇ ਕਿਹਾ ਕਿ ਉਸ ਦਿਨ ਤੋਂ ਹੀ ਉਨ੍ਹਾਂ ਦੀ ਲੜਕੀ ਬਘੌਰਾ ਪਿੰਡ ਵਿੱਚ ਆਪਣੇ ਪੇਕੇ ਪਰਿਵਾਰ 'ਚ ਰਹਿ ਰਹੀ ਸੀ। ਉਸ ਨੇ ਕਿਹਾ ਕਿ ਅੱਜ ਸਵੇਰੇ 11 ਵਜੇ ਦੇ ਕਰੀਬ ਘਰ ਦੀਆਂ ਦੋ ਔਰਤਾਂ ਬਾਜ਼ਾਰ ਗਈਆਂ ਹੋਈਆਂ ਸਨ ਅਤੇ ਹਰਦੀਪ ਕੁਮਾਰ ਸਾਡੇ ਘਰ ਆਇਆ ਅਤੇ ਕ੍ਰਿਪਾਨਾ ਨਾਲ ਆਸ਼ਾ ਰਾਣੀ ਦੇ ਸਿਰ 'ਤੇ ਸਰੀਰ 'ਤੇ ਗੰਭੀਰ ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਜਦੋਂ ਮੇਰੇ ਪਿਉ ਬਿਸ਼ਨਪਾਲ ਅਤੇ ਮਾਂ ਸੁਦਰਸ਼ਨਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ 'ਤੇ ਵੀ ਕ੍ਰਿਪਾਨਾ ਨਾਲ ਹਮਲਾ ਕਰਕੇ, ਉਨ੍ਹਾਂ ਨੂੰ ਬੁਰੀ ਤਰਾਂ ਨਾਲ ਜ਼ਖ਼ਮੀ ਕਰ ਦਿੱਤਾ। ਮ੍ਰਿਤਕਾ ਦੇ ਭਰਾ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਸਬੰਧੀ ਏਸੀਪੀ ਤੁਸ਼ਾਰ ਗੁਪਤਾ ਨੇ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ, ਤੇ ਅਗਲੀ ਕਰਵਾਈ ਕੀਤੀ ਜਾ ਰਹੀਂ ਹੈ।