ਹੁਸ਼ਿਆਰਪੁਰ: ਸ਼ਨੀਵਾਰ, 19 ਨਵੰਬਰ ਨੂੰ ਕਿਸਾਨ ਅੰਦੋਲਨ ਨੂੰ ਖ਼ਤਮ ਹੋਇਆਂ ਇਕ ਸਾਲ ਦਾ ਸਮਾਂ ਪੂਰਾ ਹੋਣ ਵਾਲਾ ਹੈ। ਇਸ ਕਿਸਾਨ ਅੰਦੋਲਨ ਦੌਰਾਨ 800 ਦੇ ਕਰੀਬ ਕਿਸਾਨਾਂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਉਸ ਸਮੇਂ ਦੀ ਪੰਜਾਬ ਦੀ ਮੌਜੂਦਾ ਸਰਕਾਰ ਕਾਂਗਰਸ ਵਲੋਂ ਕਿਸਾਨ ਅੰਦੋਲਨ ਦੀ ਭੇਂਟ ਚੜ੍ਹੇ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਅਤੇ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਸੀ। ਪਰ, ਪਰਿਵਾਰਾਂ ਨੂੰ ਸਰਕਾਰੀ ਵਿਭਾਗਾਂ ਦੇ ਚੱਕਰ ਕੱਢਣੇ ਪੈ ਰਹੇ ਹਨ।
ਸਰਕਾਰ ਨੇ ਪੂਰੇ ਕੀਤੇ ਵਾਅਦੇ, ਪਰ ਵਿਭਾਗਾਂ ਨੇ ਕੀਤਾ ਖੱਜਲ: ਜਦੋਂ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਅਧੀਨ ਆਉਂਦੇ ਪਿੰਡ ਰੜਾ ਕੇ ਮ੍ਰਿਤਕ ਕਿਸਾਨ ਭੁਪਿੰਦਰ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ, ਉਨ੍ਹਾਂ ਦੱਸਿਆ ਕਿ ਬੇਸ਼ੱਕ ਸਰਕਾਰ ਵਲੋਂ ਆਪਣੇ ਕਹੇ ਮੁਤਾਬਕ ਕਿਸਾਨਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ, ਪਰ ਪਰਿਵਾਰਾਂ ਵਲੋਂ ਇਹ ਸਹੂਲਤ ਲੈਣ ਲਈ ਸਰਕਾਰੀ ਵਿਭਾਗਾਂ ਵਲੋਂ ਕਾਫੀ ਖੱਜਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਨੂੰ ਵੀ ਲੰਮਾ ਸਮਾਂ ਹੋ ਗਿਆ ਹੈ, ਪਰ ਅੱਜ ਕਿਸਾਨਾਂ ਦੇ ਹਾਲਾਤ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਮੰਦੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਵਾਂਗ ਸੜਕਾਂ 'ਤੇ ਹੀ ਰਾਤਾਂ ਗੁਜ਼ਾਰ ਰਹੇ ਹਨ।
ਠੰਡ ਕਾਰਨ ਹੋਈ ਸੀ ਕਿਸਾਨ ਦੀ ਮੌਤ: ਕਿਸਾਨ ਅੰਦੋਲਨ ਫੌਤ ਹੋਏ ਕਿਸਾਨ ਦੇ ਪੁੱਤਰ ਨੇ ਦੱਸਿਆ ਕਿ ਖੁੱਲ੍ਹੇ ਵਿੱਚ ਕਿਸਾਨ ਅੰਦੋਲਨ ਹੋਣ ਕਰਕੇ, ਪਿਤਾ ਠੰਡ ਨੂੰ ਸਹਾਰ ਨਹੀਂ ਸਕੇ ਸੀ। ਬਿਮਾਰ ਹੋਣ ਕਾਰਨ ਉਨ੍ਹਾਂ ਨੂੰ ਉੱਥੋ ਵਾਪਸ ਲੈ ਕੇ ਆਏ। ਕੁਝ ਦਿਨ ਬਾਅਦ ਜਲੰਧਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।
"ਸਰਕਾਰ ਦੀ ਗੁਲਾਮੀ ਤੋਂ ਬੱਚਣ ਲਈ ਸੰਘਰਸ਼ ਜ਼ਰੂਰੀ ਹੈ": ਕਿਸਾਨ ਦੇ ਪੁੱਤਰ ਨੇ ਕਿਹਾ ਕਿ ਸਰਕਾਰ ਜਦੋਂ ਆਪਣੀ ਮਨਮਾਨੀ ਕਰਦੀ ਹੈ, ਤੰਗ ਕਰਦੀ ਹੈ ਤਾਂ, ਫਿਰ ਚੁੱਪ ਰਹਿ ਕੇ ਨਹੀਂ ਰਿਹਾ ਜਾਂਦਾ। ਆਪਣੇ ਹੱਕਾਂ ਲਈ ਅਤੇ ਸਰਕਾਰ ਦੀ ਗੁਲਾਮੀ ਤੋਂ ਬੱਚਣ ਲਈ ਸੰਘਰਸ਼ ਜ਼ਰੂਰੀ ਹੈ। ਉੱਥੇ ਹੀ, ਮ੍ਰਿਤਕ ਕਿਸਾਨ ਦੀ ਪਤਨੀ ਨੇ ਕਿਹਾ ਕਿ ਕਿਸਾਨਾਂ ਨੂੰ ਹੁਣ ਵੀ ਆਪਣੀਆਂ ਫ਼ਸਲਾਂ ਦਾ ਸਹੀ ਰੇਟ ਨਹੀਂ ਮਿਲ ਰਿਹਾ ਜਿਸ ਕਰਕੇ ਸੰਘਰਸ਼ ਲਈ ਖੜੇ ਹੋਣਾ ਪੈਂਦਾ ਹੈ।
ਇਹ ਵੀ ਪੜ੍ਹੋ: ਰਾਜੀਵ ਗਾਂਧੀ ਕਤਲਕਾਂਡ: ਸਰਕਾਰ ਨੇ ਦੋਸ਼ੀਆਂ ਦੀ ਰਿਹਾਈ ਦੇ ਹੁਕਮਾਂ ਦੀ ਸਮੀਖਿਆ ਲਈ ਪਟੀਸ਼ਨ ਦਾਇਰ ਕੀਤੀ