ਹੁਸ਼ਿਆਰਪੁਰ: ਪੰਜਾਬ ਅੰਦਰ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਹਨ ਪਰ ਅਜੇ ਤੱਕ ਨਾ ਤਾਂ ਹੁਸ਼ਿਆਰਪੁਰ ਦੇ ਨਗਰ ਨਿਗਮ ਵੱਲੋਂ ਇਸ ਨਾਲ ਨਜਿੱਠਣ ਦੀ ਕੋਈ ਤਿਆਰੀ ਨਹੀਂ ਕੀਤੀ ਗਈ ਹੈ। ਇਸ ਸਭ ਨੂੰ ਲੈ ਕੇ ਜਦੋਂ ਈ ਟੀ ਵੀ ਭਾਰਤ ਦੀ ਟੀਮ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੇ ਬਰਸਾਤੀ ਨਾਲੇ ਦਾ ਦੌਰਾ ਕੀਤਾ ਗਿਆ ਤਾਂ ਉਨ੍ਹਾਂ ਦੀ ਹਾਲਤ ਸ਼ਬਦਾਂ 'ਚ ਬਿਆਨ ਕਰਨੀ ਤਾਂ ਨਾਮੁਮਕਿਨ ਹੈ, ਕਿਉਂਕਿ ਨਾਲਿਆਂ ਦੀ ਸਫਾਈ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਜੇਕਰ ਹੁਸ਼ਿਆਰਪੁਰ ਦੇ ਪੁਰਾਤਨ ਭੰਗੀ ਚੋਅ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਸਫ਼ਾਈ ਨਾਮ ਦੀ ਕੋਈ ਚੀਜ਼ ਨਹੀਂ ਹੈ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਹੁਸ਼ਿਆਰਪੁਰ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੇ ਇੰਤਜ਼ਾਰ ਵਿੱਚ ਹੈ।
ਸਥਾਨਕ ਵਾਸੀਆਂ ਦੀਆਂ ਸ਼ਿਕਾਇਤਾਂ
ਇਸ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਲਗਭਗ ਇਕ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ ਤੇ ਇਨ੍ਹਾਂ ਨਾਲਿਆਂ ਵਿੱਚ ਕੋਈ ਵੀ ਸਫਾਈ ਨਹੀਂ ਹੋਈ, ਜਿਸ ਕਾਰਨ ਅੱਜ ਨਾਲਿਆਂ ਦੀ ਹਾਲਤ ਤਰਸਯੋਗ ਬਣੀ ਹੈ ਤੇ ਜੇਕਰ ਇਨਾਂ ਨਾਲਿਆਂ 'ਚ ਪਾਣੀ ਆਉਣਾ ਹੁੰਦਾ ਹੈ ਤਾਂ ਉਸ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ 'ਚ ਹੜ੍ਹ ਦੀ ਸਥਿਤੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭੰਗੀ ਚੋਅ ਦੀ ਗੱਲ ਕਰੀਏ ਤਾਂ ਰੇਤ ਮਾਫੀਆ ਨੇ ਉਸ ਦਾ ਬਹੁਤ ਬੁਰਾ ਹਾਲ ਕਰ ਦਿੱਤਾ ਹੈ ਤੇ ਪ੍ਰਸ਼ਾਸਨ ਸਭ ਕੁਝ ਜਾਣਦਿਆਂ ਹੋਇਆਂ ਵੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ।
ਇਹ ਵੀ ਪੜ੍ਹੋ: ਬਰਸਾਤ ਦੇ ਮੌਸਮ 'ਚ ਹੜ੍ਹਾਂ ਨੂੰ ਲੈ ਕੇ ਕਿੰਨਾ ਤਿਆਰ ਰੂਪਨਗਰ ਪ੍ਰਸ਼ਾਸਨ
ਮੇਅਰ ਸਾਹਿਬ ਅਜੇ ਸਫਾਈ ਲਈ ਟੈਂਡਰ ਕੱਢਣ ਦੀ ਹੀ ਕਰ ਰਹੇ ਗੱਲ
ਇਸ ਸਾਰੇ ਮਸਲੇ ਸੰਬੰਧੀ ਜਦੋਂ ਹੁਸ਼ਿਆਰਪੁਰ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਨਿਗਮ ਵਲੋਂ ਨਾਲਿਆਂ ਦੀ ਸਫਾਈ ਲਈ 7 ਲੱਖ 53 ਹਜ਼ਾਰ ਦਾ ਟੈਂਡਰ ਲਗਾਇਆ ਗਿਆ ਹੈ ਤੇ ਜਲਦ ਹੀ ਇਨ੍ਹਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਰਹੀ ਗੱਲ ਭੰਗੀ ਚੋਅ ਦੀ ਤਾਂ ਉਸ ਲਈ ਵੀ ਤਿਆਰੀਆਂ ਕਰ ਲਈਆਂ ਗਈਆਂ ਹਨ ਤੇ ਜੋ ਝੁੱਗੀਆਂ ਵਾਲੇ ਰਹਿ ਰਹੇ ਨੇ ਉਨ੍ਹਾਂ ਨੂੰ ਵੀ ਜਲਦ ਉੱਠਣ ਦੀ ਚਿਤਾਵਨੀ ਦੇ ਦਿੱਤੀ ਗਈ ਹੈ।