ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ 'ਨਸ਼ਾ ਮੁਕਤ ਪੰਜਾਬ' ਮੁਹਿੰਮ ਦੀਆਂ ਸਰਕਾਰ ਦੇ ਮੁਲਾਜ਼ਮਾਂ ਹੀ ਧੱਜੀਆਂ ਉਡਾ ਰਹੇ ਹਨ। ਇਸ ਗੱਲ ਦਾ ਖੁਲਾਸਾ ਹਾਲ ਹੀ ਵਿੱਚ ਵਾਇਰਲ ਹੋਈ ਵੀਡੀਓ ਤੋਂ ਹੋਇਆ ਹੈ।
ਜਾਣਕਾਰੀ ਮੁਤਾਬਕ ਵਾਇਰਲ ਹੋਈ ਵੀਡੀਓ ਹੁਸ਼ਿਆਰਪੁਰ ਦੇ ਹਲਕਾ ਦਸੂਆ ਦੀ ਹੈ, ਜਿਸ ਵਿੱਚ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਡਿਊਟੀ ਦੌਰਾਨ ਸ਼ਰੇਆਮ ਸ਼ਰਾਬ ਪੀਤੀ ਜਾ ਰਹੀ ਹੈ। ਜਦੋਂ ਇਹ ਮਾਮਲਾ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਪਹੁੰਚਿਆਂ ਤਾਂ ਵਿਭਾਗ ਵੱਲੋਂ ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ। ਇਸ ਸਬੰਧੀ ਬਿਜਲੀ ਵਿਭਾਗ ਦੇ ਜੇਈ ਜਸਵਿੰਦਰ ਸਿੰਘ ਬਿਰਦੀ ਨੇ ਦੱਸਿਆ ਕਿ ਜਦੋਂ ਮੁਲਾਜ਼ਮਾਂ ਵੱਲੋਂ ਉਕਤ ਹਰਕਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਸਮੇਂ ਉਹ ਡਿਊਟੀ 'ਤੇ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਸੂਚਨਾ ਮਿਲਦੇ ਹੀ ਵਿਭਾਗੀ ਕਾਰਵਾਈ ਕਰਦੇ ਹੋਏ ਮੁਲਾਜ਼ਮਾਂ ਨੂੰ ਤੁਰੰਤ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।