ਹੁਸ਼ਿਆਰਪੁਰ : ਦਿੱਲੀ ਹਿੰਸਾਂ ਵਿਰੁੱਧ ਦਲਿਤ, ਸਿੱਖ, ਈਸਾਈ ਤੇ ਮੁਸਲਿਮ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਦਿੱਲੀ ਹਿੰਸਾ ਲਈ ਜ਼ਿੰਮੇਵਾਰ ਭਾਜਪਾ ਦੇ ਆਗਅੂਾਂ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾਵੇ।
ਜਥੇਬੰਦੀਆਂ ਨੇ ਆਗੂਆਂ ਨੇ ਕਿਹਾ ਕਿ ਆਰ.ਐੱਸ.ਐੱਸ. ਅਤੇ ਭਾਜਪਾ ਨੇ ਯੋਜਨਾ ਬੰਦ ਤਰੀਕੇ ਨਾਲ ਦਿੱਲੀ ਵਿੱਚ ਘੱਟ ਗਿਣਤੀ ਫਿਰਕੇ ਵਿਰੁੱਧ ਹਿੰਸਾ ਕੀਤੀ ਹੈ। ਆਗੂਆਂ ਨੇ ਡੀ.ਸੀ. ਹੁਸ਼ਿਆਰਪੁਰ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਇੱਕ ਮੰਗ ਪੱਤਰ ਵੀ ਦਿੱਤਾ।
ਆਗਅੂਾਂ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਦੇਸ਼ ਦੇ ਗ੍ਰਹਿ ਮੰਤਰੀ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ। ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ, ਭਾਜਪਾ ਲੋਕ ਸਭਾ ਮੈਂਬਰ ਪ੍ਰਵੇਸ਼ ਵਰਮਾ ਤੇ ਕਪਿਲ ਮਿਸ਼ਰਾ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾਵੇ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਜਿਵੇਂ ਦਿੱਲੀ 'ਚ 1984 ਸਿੱਖ ਕਤਲੇਆਮ, ਗੋਧਰਾ ਕਾਂਡ ਤੇ ਉਡੀਸ਼ਾ ਵਿੱਚ ਈਸਾਈਆਂ ਵਿਰੁੱਧ ਕਤੇਲਾਆਮ ਕੀਤਾ ਗਿਆ। ਉਸੇ ਤਰ੍ਹਾਂ ਹੀ ਦਿੱਲੀ ਵਿੱਚ ਯੋਜਨਾਬੰਦ ਤਰੀਕੇ ਨਾਲ ਹਿੰਸਾ ਕੀਤੀ ਗਈ ਹੈ।
ਇਹ ਵੀ ਪੜ੍ਹੋ : ਬਠਿੰਡਾ: ਅਸਮਾਨੀ ਬਿਜਲੀ ਡਿੱਗਣ ਨਾਲ 2 ਬੱਚੇ ਝੁਲਸੇ
ਆਗੂਆਂ ਨੇ ਮੰਗ ਕੀਤੀ ਹੈ ਕਿ ਭੜਕਾਊ ਭਾਸ਼ਣ ਦੇਣ ਵਾਲੇ ਲੋਕਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਦਿੱਲੀ ਹਿੰਸਾ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਤਾਂ ਉਹ ਇੱਕ ਵੱਡਾ ਸੰਘਰਸ਼ ਕਰਨਗੇ।