ਹੁਸ਼ਿਆਰਪੁਰ: ਦੇਸ਼ ਭਰ ਵਿੱਚ ਤਾਲਾਬੰਦੀ ਕਾਰਨ ਪੰਜਾਬ ਸਰਕਾਰ ਨੇ ਹਰ ਵਰਗ ਨੂੰ ਕੋਈ ਨਾ ਕੋਈ ਰਿਆਇਤ ਦਿੱਤੀ ਹੋਈ ਹੈ। ਪਰ ਪੰਜਾਬ ਦੇ ਸਮੂਹ ਸਕੂਲ ਬੱਸ ਚਾਲਕ ਕਿਤੇ ਨਾ ਕਿਤੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਹਰ ਵਰਗ ਨੂੰ ਥੋੜ੍ਹੀ ਬਹੁਤ ਢਿੱਲ ਦਿੱਤੀ ਹੈ ਪਰ ਸਕੂਲ ਬੱਸ ਚਾਲਕਾਂ ਨੂੰ ਅੱਖੋਂ ਪਰੋਖਿਆਂ ਕੀਤਾ ਗਿਆ ਹੈ।
ਇਸੇ ਸਬੰਧੀ ਸਮੂਹ ਬੱਸ ਚਾਲਕਾਂ ਨੇ ਰੋਸ ਪ੍ਰਦਰਸ਼ਨ ਕਰ ਪੰਜਾਬ ਸਰਕਾਰ, ਸਿੱਖਿਆ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਹੁਸ਼ਿਆਰਪੁਰ ਡੀ.ਸੀ. ਇੱਕ ਮੈਮੋਰੈਂਡਮ ਭੇਟ ਕੀਤਾ ਗਿਆ ਜਿਸ ਵਿੱਚ ਸਕੂਲ ਬੱਸ ਚਾਲਕਾਂ ਨੂੰ ਛੋਟ ਦੇਣ ਦੀ ਮੰਗ ਕੀਤੀ ਗਈ।
ਬੱਸ ਚਾਲਕਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਸਕੂਲ ਪ੍ਰਬੰਧਕਾਂ ਨੂੰ 70 ਫੀਸਦੀ ਫੀਸ ਲੈਣ ਦੀ ਆਗਿਆ ਦਿੱਤੀ ਗਈ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਸਕੂਲਾਂ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੋਂ ਫੀਸ ਲੈਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਆਪਣੀ ਤਕਲੀਪ ਦੱਸਦਿਆਂ ਕਿਹਾ ਕਿ ਸਰਕਾਰ ਨੇ ਕਿਸ਼ਤਾਂ ਨਾ ਦੇਣ ਦੀ ਗੱਲ ਕੀਤੀ ਸੀ ਇਸ ਦੇ ਬਾਵਜੂਦ ਬੈਂਕ ਮੁਲਾਜ਼ਮ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਸਕੂਲ ਬੱਸ ਚਾਲਕਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਵੀ ਧਿਆਨ ਦੇਵੇ।