ਹੁਸ਼ਿਆਰਪੁਰ: ਕਸਬਾ ਮਾਹਿਲਪੁਰ 'ਚ ਪੁਰਾਣੀ ਰੰਜਿਸ਼ ਦੇ ਚਲਦੇ ਪਿੰਡ ਪੋਸੀ ਦੇ ਹੀ ਇੱਕ ਪਰਿਵਾਰ ਨੇ ਦੋ ਸਕੇ ਭਰਾਵਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ 'ਚ ਵੱਡੇ ਭਰਾ ਦੀ ਮੌਤ ਹੋ ਗਈ ਹੈ ਜਦੋਂ ਕਿ ਛੋਟਾ ਭਰਾ ਗੰਭੀਰ ਜ਼ਖ਼ਮੀ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀਪਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ 7 ਵਿਅਕਤੀਆਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਮਾਮਲਾ ?
ਜਾਣਕਾਰੀ ਮੁਤਾਬਕ ਦੋਵੇਂ ਸਕੇ ਭਰਾ ਦੀਪਕ ਤੇ ਸ਼ੁਸ਼ਾਂਤ ਪਿੰਡ ਦੇ ਬਾਹਰ ਹੀ ਵੈਲਡਿੰਗ ਦਾ ਕੰਮ ਕਰਦੇ ਸਨ। ਰੋਜ਼ ਦੀ ਤਰ੍ਹਾਂ ਉਹ ਦੁਕਾਨ 'ਤੇ ਕੰਮ ਕਰ ਰਹੇ ਸਨ। ਇਸ ਦੌਰਾਨ ਮੋਟਰ ਸਾਈਕਲ ਸਵਾਰ 10 ਤੋਂ 15 ਲੋਕਾਂ ਨੇ ਦੁਕਾਨ 'ਤੇ ਕੰਮ ਕਰ ਰਹੇ ਦੋਹਾਂ ਭਰਾਵਾਂ 'ਤੇ ਹਮਲਾ ਕਰ ਦਿੱਤਾ। ਦੋਹਾਂ ਭਰਾਵਾਂ ਨੂੰ ਜ਼ਖ਼ਮੀ ਹਾਲਤ 'ਚ ਸਥਾਨਕ ਲੋਕਾਂ ਨੇ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ। ਵੱਡੇ ਭਰਾ ਦੀਪਕ ਦੀ ਹਾਲਤ ਖ਼ਰਾਬ ਹੁੰਦੀ ਵੇਖ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ। ਹਾਲਾਂਕਿ ਛੋਟਾ ਭਰਾ ਸ਼ੁਸ਼ਾਂਤ ਸਰਕਾਰੀ ਹਸਪਤਾਲ ਜ਼ੇਰੇ ਇਲਾਜ ਹੈ।
ਪਰਿਵਾਰ ਵਾਲਿਆਂ ਦਾ ਕੀ ਹੈ ਕਹਿਣਾ...
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪਿੰਡ ਦੇ ਹੀ ਇੱਕ ਪਰਿਵਾਰ 'ਤੇ ਇਸ ਹਮਲੇ ਦਾ ਦੋਸ਼ ਲਾਇਆ ਹੈ। ਦੀਪਕ ਦੇ ਪਿਤਾ ਨੇ ਕਿਹਾ ਕਿ ਮਰਹੂਮ ਗੁਰਮੇਲ ਸਿੰਘ ਦੇ ਪੁੱਤਰ ਲਾਡੀ ਨੂੰ ਉਸ ਦੇ ਹੀ ਘਰ ਵਾਲਿਆਂ ਨੇ ਸਾਲ ਪਹਿਲਾਂ ਘਰੋਂ ਬੇਦਖ਼ਲ ਕਰ ਦਿੱਤਾ ਸੀ। ਘਰੋਂ ਬੇਘਰ ਹੋਣ ਮਗਰੋਂ ਉਹ ਸਾਡੇ ਨਾਲ ਰਹਿਣ ਲੱਗ ਗਿਆ। ਇਸ ਕਾਰਨ ਲਾਡੀ ਦੇ ਪਰਿਵਾਰ ਵਾਲੇ ਉਨ੍ਹਾਂ ਨਾਲ ਆਏ ਦਿਨ ਕਿਸੀ ਨਾ ਕਿਸੀ ਗੱਲ 'ਤੇ ਲੜ੍ਹਾਈ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਲਾਡੀ ਦੇ ਪਰਿਵਾਰਕ ਮੈਂਬਰ ਅਤੇ ਲਾਡੀ ਦੀ ਭੈਣ ਕਮਲਜੀਤ ਕੌਰ ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਘਰ ਆਏ ਸਨ ਅਤੇ ਉਨ੍ਹਾਂ ਨੂੰ ਸਬਕ ਸਿਖ਼ਾਉਣ ਦੀਆਂ ਧਮਕੀਆਂ ਦੇ ਕੇ ਗਏ ਸਨ। ਦੀਪਕ ਦੇ ਪਿਤਾ ਨੇ ਦੱਸਿਆ ਕਿ ਸੋਨੀ ਵਾਸੀ ਰਾਜਪੁਰ ਭਾਈਆਂ ਜਿਸ ਦਾ ਕਮਲਜੀਤ ਦੇ ਘਰ ਆਉਣਾ ਜਾਣਾ ਹੈ। ਉਸ ਨੇ ਹੀ ਇਨ੍ਹਾਂ ਅਣਪਛਾਤੇ ਵਿਅਕਤੀ ਲੈ ਕੇ ਉਨ੍ਹਾਂ ਦੇ ਪੁੱਤਰਾਂ 'ਤੇ ਕਾਤਲਾਨਾ ਹਮਲਾ ਕੀਤਾ ਹੈ।
7 'ਤੇ ਮਾਮਲਾ ਦਰਜ
ਇਸ ਮਾਮਲੇ 'ਤੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਸੋਨੀ ਵਾਸੀ ਰਾਜਪੁਰ ਭਾਈਆਂ, ਕੁਲਵਿੰਦਰ ਕੌਰ, ਮਨਦੀਪ ਕੌਰ, ਰਵੀ, ਸੋਨੂੰ, ਕਮਲਜੀਤ ਕੌਰ, ਚਰਨ ਦਾਸ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਸੁਖ਼ਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।