ਹੁਸ਼ਿਆਰਪੁਰ: ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਮੈਡਮ ਤੇਜਿੰਦਰ ਕੌਰ (ਰਿਟਾ. ਆਈ.ਏ.ਐਸ) ਦੇ ਨਿਰਦੇਸ਼ਾਂ 'ਤੇ ਕਮਿਸ਼ਨ ਦੇ ਮੈਂਬਰ ਪ੍ਰਭਦਿਆਲ ਰਾਮਪੁਰ ਵੱਲੋਂ ਇੱਕ ਸ਼ਿਕਾਇਤ ਦੇ ਸਬੰਧ ਵਿੱਚ ਬਲਾਕ ਮਾਹਿਲਪੁਰ ਦੇ ਪਿੰਡ ਠੀਂਡਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਦੀ ਵਸਨੀਕ ਮਹਿਲਾ ਰਾਜ ਰਾਣੀ ਅਤੇ ਹੋਰਨਾਂ ਔਰਤਾਂ ਵੱਲੋਂ ਸਾਂਝੇ ਤੌਰ ‘ਤੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਉਨ੍ਹਾਂ ਦੇ ਢੇਰ ਸੁੱਟਣ ਵਾਲੀ ਜਗਹ ਦੀ ਚਾਰਦੀਵਾਰੀ ਉਚੀ ਕਰਵਾਈ ਜਾਵੇ।
ਪ੍ਰਭਦਿਆਲ ਰਾਮਪੁਰ ਨੇ ਕਿਹਾ ਕਿ ਕਮਿਸ਼ਨ ਨੂੰ ਜੋ ਰਿਪੋਰਟ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਲੋਂ ਪ੍ਰਾਪਤ ਹੋਈ ਹੈ, ਉਸ ਵਿੱਚ ਵੀ ਪਿੰਡ ਦੀ ਪੰਚਾਇਤ ਨੂੰ ਚਾਰਦੀਵਾਰੀ ਉੱਚੀ ਕਰਨ ਬਾਰੇ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸਦੇ ਬਾਵਜੂਦ ਪੰਚਾਇਤ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ‘ਤੇ ਸ਼ਿਕਾਇਤਕਰਤਾ ਔਰਤਾਂ ਵਲੋਂ ਕਮਿਸ਼ਨ ਨੂੰ ਮੌਕਾ ਦੇਖਣ ਦੀ ਬੇਨਤੀ ਕੀਤੀ ਗਈ ਸੀ। ਉਨ੍ਹਾਂ ਜਿੱਥੇ ਸ਼ਿਕਾਇਤ ਕਰਤਾ ਔਰਤਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ, ਉੱਥੇ ਪਿੰਡ ਦੀ ਪੰਚਾਇਤ ਨੂੰ ਵੀ ਜਲਦੀ ਉਚਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।