ਹੁਸ਼ਿਆਰਪੁਰ: ਟੋਕੀਓ ਓਲੰਪਿਕ ‘ਚ ਵੇਟ ਲਿਫਟਿੰਗ ਮੁਕਾਬਲੇ ਦੌਰਾਨ ਸਿਲਵਰ ਮੈਡਲ ਜੇਤੂ ਖਿਡਾਰਣ ਮੀਰਾਬਾਈ ਚਾਨੂ ਦੇ ਕੋਚ ਸੰਦੀਪ ਕੁਮਾਰ ਦਾ ਟਾਂਡਾ ਵਿਖੇ ਪਹੁੰਚਣ ‘ਤੇ ਸਮਾਜ ਸੇਵੀ ਜਸਵੀਰ ਸਿੰਘ ਰਾਜਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਜਸਵੀਰ ਸਿੰਘ ਰਾਜਾ ਦੀ ਸਮੁੱਚੀ ਟੀਮ ਵੱਲੋਂ ਮੀਰਾਬਾਈ ਚਾਨੂ ਦੇ ਕੋਚ ਸੰਦੀਪ ਕੁਮਾਰ ਨੂੰ ਇੱਕ ਸ਼ਾਨਦਾਰ ਟਰਾਫੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਕੋਚ ਸੰਦੀਪ ਸਿੰਘ ਨੇ ਦੱਸਿਆ ਕਿ ਓਲੰਪਿਕ ਦੀਆਂ ਤਿਆਰੀਆਂ ਨੂੰ ਲੈ ਕੇ ਖਿਡਾਰੀਆਂ ਵੱਲੋਂ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ ਤੇ ਕੇਂਦਰ ਸਰਕਾਰ ਵੀ ਓਲੰਪਿਕਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਖਿਡਾਰੀਆਂ ਦੀ ਹਰ ਤਰ੍ਹਾਂ ਨਾਲ ਮਦਦ ਕਰ ਰਹੀ ਹੈ।
ਸੰਦੀਪ ਸਿੰਘ ਨੇ ਮੀਰਾਬਾਈ ਚਾਨੂ ਦੀ ਜਿੱਤ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਟੋਕਿਓ ਜਾਣ ਤੋਂ ਪਹਿਲਾਂ ਯੂਐੱਸਏ ਵਿੱਚ ਕੈਂਪ ਲਗਾਇਆ ਸੀ ਤਾਂ ਕਿ ਉਨ੍ਹਾਂ ਨੂੰ ਵਧੀਆਂ ਸਹੂਲਤਾਂ ਮਿਲ ਸਕਣ। ਉਨ੍ਹਾਂ ਦੱਸਿਆ ਕਿ ਕੈਂਪ ਲਗਾਉਣ ਤੋਂ ਬਾਅਦ ਉਹ ਉੱਥੋਂ ਹੀ ਟੋਕਿਓ ਓਲੰਪਿਕ ਲਈ ਪਹੁੰਚ ਗਏ ਸਨ ਜਿੱਥੇ ਮੀਰਾਬਾਈ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਮੈਡਲ ਹਾਸਿਲ ਕੀਤਾ ਤੇ ਦੇਸ਼ ਦਾ ਨਾਮ ਪੂਰੇ ਸੰਸਾਰ ਦੇ ਵਿੱਚ ਰੌਸ਼ਨ ਕੀਤਾ।
ਉਨ੍ਹਾਂ ਕਿਹਾ ਕਿ ਹੁਣ ਤੱਕ ਦੀਆਂ ਹੋਈਆਂ ਖੇਡਾਂ ‘ਚ ਭਾਰਤੀ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਉਨ੍ਹਾਂ ਨੂੰ ਆਸ ਹੈ ਕਿ ਓਲੰਪਿਕ ‘ਚ ਭਾਰਤੀ ਖਿਡਾਰੀਆਂ ਵੱਲੋਂ ਹੋਰ ਵੀ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆਂ ਦੇਸ਼ ਦਾ ਨਾਂ ਪੂਰੀ ਦੁਨੀਆ ‘ਚ ਰੁਸ਼ਨਾਇਆ ਜਾਵੇਗਾ।
ਇਹ ਵੀ ਪੜ੍ਹੋ: Tokyo Olympics:ਸੈਮੀਫਾਈਨਲ 'ਚ ਹਾਰੇ ਪਹਿਲਵਾਨ ਦੀਪਕ ਪੂਨੀਆ, ਕਾਂਸੀ ਦੇ ਤਗਮੇ ਦੀਆਂ ਉਮੀਦਾਂ ਬਰਕਰਾਰ