ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ। ਇਸ ਰਾਹੀਂ ਸੰਗਤਾਂ ਨੂੰ ਰੂਹਾਨੀ ਰੰਗ 'ਚ ਰੰਗਿਆ ਗਿਆ। ਇਸ ਮੌਕੇ ਡੀਸੀ ਹਰਪ੍ਰੀਤ ਸਿੰਘ ਤੇ ਕਮਿਸ਼ਨਰ ਬਲਬੀਰ ਸਿੰਘ ਨੇ ਸ਼ਿਰਕਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਹਨ। ਇਸ ਦੀ ਸੂਬਾ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਇਸ ਸ਼ੋਅ ਰਾਹੀਂ ਗੁਰੂ ਸਾਹਿਬ ਦੇ ਧਾਰਮਿਕ ਸਹਿਣਸ਼ੀਲਤਾ ਤੇ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਦੀ ਸਿੱਖਿਆਵਾਂ ਬਾਰੇ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਉਪਰਾਲੇ ਰਾਹੀਂ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਵੀ ਫੈਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਹਰ ਵਾਅਦਿਆਂ ਤੋਂ ਯੂ ਟਰਨ ਲੈ ਰਹੀ ਕਾਂਗਰਸ ਸਰਕਾਰ: ਹਰਪਾਲ ਚੀਮਾ
ਉਨ੍ਹਾਂ ਨੇ ਦੱਸਿਆ ਕਿ ਇਸ ਲਾਇਟ ਸ਼ੋਅ ਨੂੰ ਬਹੁਤ ਹੀ ਬਾਰੀਕੀ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਹ ਪ੍ਰੋਗਰਾਮ ਗੁਰੂ ਸਾਹਿਬ ਦੇ ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣ ਦੇ ਸਿਧਾਂਤ 'ਤੇ ਰੂਪਮਾਨ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ 23 ਨਵੰਬਰ ਨੂੰ ਸ਼ਾਮ 6-15 ਵਜੇ ਤੋਂ 7 ਵਜੇ ਤੱਕ ਅਤੇ 7-45 ਤੋਂ 8-30 ਵਜੇ ਤੱਕ ਦੋ ਸ਼ੋਅ ਹੋਣਗੇ। ਉਨ੍ਹਾਂ ਨੇ ਸੂਬਾ ਵਾਸਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਸ਼ੋਅ ਵਿੱਚ ਸ਼ਿਰਕਤ ਕਰਨ ਤੇ ਇਸ ਦਾ ਆਨੰਦ ਮਾਣਨ। ਇਸ ਸ਼ੋਅ ਦੀ ਕੋਈ ਫੀਸ ਨਹੀਂ ਹੈ ਇਸ ਦੀ ਪ੍ਰਦਰਸ਼ਨੀ ਸਰਕਾਰ ਵੱਲੋਂ ਬਿਲਕੁੱਲ ਮੁਫ਼ਤ ਹੈ।
ਸ਼ਰਧਾਲੂ ਨੇ ਕਿਹਾ ਕਿ ਇਹ ਲਾਇਟ ਸ਼ੋਅ ਕਈ ਦਿਨ ਤੱਕ ਚਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸ਼ੋਅ ਨੂੰ ਹਰ ਕਿਸੇ ਨੂੰ ਦੇਖਣਾ ਚਾਹੀਦਾ ਹੈ ਤੇ ਉਨ੍ਹਾਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਪਹਿਲੇ ਸ਼ੋਅ ਵਿੱਚ ਵੀ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਇਸ ਸ਼ੋਅ ਲਈ ਸਥਾਨਕ ਲੋਕਾਂ ਅਤੇ ਵਿਸ਼ੇਸ਼ ਕਰਕੇ ਆਲੇ-ਦੁਆਲੇ ਦੇ ਪਿੰਡਾਂ ਤੋਂ ਆਈ ਸੰਗਤ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।