ਹੁਸ਼ਿਆਰਪੁਰ : ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਆਪਣੀਆਂ ਜਥੇਬੰਦਕ ਚੋਣਾਂ ਤਹਿਤ ਸਰਕਲ ਕਮੇਟੀ ਹੁਸ਼ਿਆਰਪੁਰ ਦੀ ਚੋਣ ਲਈ ਇਜਲਾਸ ਕਰਵਾਇਆ ਗਿਆ, ਜਿਸ ਵਿੱਚ ਮੁਕੇਰੀਆਂ, ਦਸੂਹਾ, ਹੁਸ਼ਿਆਰਪੁਰ, ਮਾਹਿਲਪੁਰ ਤੇ ਭੋਗਪੁਰ ਡਵੀਜ਼ਨ ਤੇ ਸਬ ਡਿਵੀਜ਼ਨਾਂ ਅਤੇ ਪੀ ਐਂਡ ਐਮ ਦਸੂਹਾ ਤੇ ਮਾਹਿਲਪੁਰ ਤੋਂ ਆਏ ਡੈਲੀਗੇਟਾਂ ਨੇ ਭਾਗ ਲਿਆ। ਸਟੇਟ ਕਮੇਟੀ ਵਲੋਂ ਆਏ ਟੀਐਸਯੂ ਦੇ ਪ੍ਰਧਾਨ ਸਾਥੀ ਕੁਲਦੀਪ ਸਿੰਘ ਖੰਨਾਂ, ਜਨਰਲ ਸਕੱਤਰ ਸਾਥੀ ਜੈਲ ਸਿੰਘ ਤੇ ਜ਼ੋਨ ਪ੍ਰਧਾਨ ਪ੍ਰਵੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਲਖਵਿੰਦਰ ਸਿੰਘ ਨੂੰ ਸਰਕਲ ਪ੍ਰਧਾਨ ਅਤੇ ਸਾਥੀ ਵਿਜੇ ਕੁਮਾਰ ਨੂੰ ਸਰਕਲ ਸਕੱਤਰ ਚੁਣਿਆ ਗਿਆ।
ਇਜਲਾਸ ਦੇ ਸ਼ੁਰੂ ਵਿੱਚ ਵਿਜੇ ਕੁਮਾਰ ਵਲੋਂ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ ਅਤੇ ਵਿੱਤ ਸਕੱਤਰ ਸਾਥੀ ਨਛੱਤਰ ਸਿੰਘ ਵਲੋਂ ਵਿੱਤੀ ਲੇਖਾ ਜ਼ੋਖਾ ਪੇਸ਼ ਕੀਤਾ ਗਿਆ। ਜਿਸ ਨੂੰ ਹੇਮ ਰਾਜ, ਨਿਰਮਲ ਸਿੰਘ, ਮਨਧੀਰ ਸਿੰਘ, ਅਵਤਾਰ ਸਿੰਘ, ਦਿਲਵਰ ਸਿੰਘ, ਲਖਵੀਰ ਸਿੰਘ ਅਤੇ ਸਾਥੀ ਹਰਬੰਸ ਲਾਲ ਵਲੋਂ ਕੀਤੀ ਉਸਾਰੂ ਬਹਿਸ ਉਪਰੰਤ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੁਬਾ ਪ੍ਰਧਾਨ ਕੁਲਦੀਪ ਸਿੰਘ ਖੰਨਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਹਮੇਸ਼ਾਂ ਹੀ ਮੁਲਾਜ਼ਮ ਤੇ ਆਮ ਲੋਕ ਮਾਰੂ ਰਹੀਆਂ ਹਨ। ਜਿਸ ਦੇ ਖਿਲਾਫ਼ ਹਮੇਸ਼ਾਂ ਹੀ ਮੁਲਾਜ਼ਮਾਂ ਨੂੰ ਤਿੱਖਾ ਸੰਘਰਸ਼ ਕਰਨਾ ਪਿਆ ਹੈ। ਕੇਂਦਰ ਸਰਕਾਰ ਵਲੋਂ 1991 ਵਿੱਚ ਤਿਆਰ ਕੀਤੀਆਂ ਲੋਕ ਵਿਰੋਧੀ ਮੁਲਾਜ਼ਮ ਮਾਰੂ ਨੀਤੀਆਂ ਨੂੰ ਤੇਜੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਬਾਰੇ ਪਾਵਰਕਾਮ ਮੈਨੇਜ਼ਮੈਂਟ ਦੀ ਲਾਪ੍ਰਵਾਹੀ ਮੁਲਾਜ਼ਮਾਂ ਦੇ ਹੱਕਾਂ ਤੇ ਡਾਕੇ ਮਾਰ ਰਹੀ ਹੈ। ਟੀਐੱਸਯੂ ਵਲੋਂ ਜੁਆਇੰਟ ਫੋਰਮ ਦੀਆਂ ਪਹਿਲੀਆਂ ਮੰਗਾਂ ਵਿੱਚ ਸੀਆਰਏ 281/13 ਅਧੀਨ ਲਾਈਨਮੈਨਾਂ ਨੂੰ ਰੈਗੂਲਰ ਕਰਨ ਦੀ ਮੰਗ ਰੱਖੀ ਗਈ ਸੀ ਅਤੇ ਨਵੇਂ ਭਰਤੀ ਹੋਏ ਪ੍ਰਬੇਸ਼ਨ ਪੀਰੀਅਡ ਸਹਾਇਕ ਲਾਈਨਮੈਨਾਂ ਨੂੰ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਪੂਰੀ ਤਨਖਾਹ ਦੇਣ ਅਤੇ ਪ੍ਰੋਬੇਸ਼ਨ ਪੀਰੀਅਡ ਦਾ ਸਮਾਂ ਸੇਵਾ ਕਾਲ ਵਿੱਚ ਗਿਨਣ ਸਮੇਤ ਹੋਰ ਮੰਗਾਂ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਟਰਾਂਸਕੋ ਦੇ ਟੀਟੀਆਈ ਪਾਸ ਨਾ ਕਰਨ ਵਾਲੇ ਸਾਥੀਆਂ ਦੀ ਕੀਤੀ ਗਈ ਕਟੌਤੀ ਦਾ ਮੁੱਦਾ ਪਾਵਰਕਾਮ ਦੀ ਮੈਨੇਜ਼ਮੈਂਟ ਕੋਲ ਉਠਾ ਕੇ ਹੱਲ ਕਰਵਾਇਆ ਜਾਵੇਗਾ। ਸਾਥੀ ਕੁਲਦੀਪ ਸਿੰਘ ਖੰਨਾ ਅਤੇ ਸਾਥੀ ਜੈਲ ਸਿੰਘ ਨੇ ਕੌਮੀ ਫੈਡਰੇਸ਼ਨਾਂ ਵਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਦਿਆਂ ਦਾਅਵਾ ਕੀਤਾ ਕਿ 8 ਜਨਵਰੀ ਨੂੰ ਕੀਤੀ ਜਾ ਇਸ ਹੜਤਾਲ ਵਿੱਚ ਬਿਜਲੀ ਕਾਮੇ ਵੱਡੀ ਸ਼ਮੂਲੀਅਤ ਕਰਨਗੇ। ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਸਾਥੀ ਜੈਲ ਸਿੰਘ ਵਲੋਂ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।