ਹੁਸ਼ਿਆਰਪੁਰ : ਇੱਥੋਂ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਚੱਕਵਾਲ ਵਿਖੇ ਦਿਨ-ਦਿਹਾੜੇ ਹੀ ਬਿਆਸ ਨਦੀ ਵਿੱਚੋਂ ਮਾਈਨਿੰਗ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਤੇ ਮਾਫੀਆਂ ਵੱਲੋਂ ਵੱਡੀਆਂ-ਵੱਡੀਆਂ ਮਸ਼ੀਨਾਂ ਦੀ ਸਹਾਇਤਾ ਨਾਲ ਨਦੀ ਵਿੱਚੋਂ ਰੇਤ ਕੱਢਣ ਦਾ ਕੰਮ ਧੜਾ-ਧੜ ਚਲਾਇਆ ਜਾ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਸੁਲੱਖਣ ਸਿੰਘ ਜੱਗੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਐੱਸ.ਡੀ.ਐੱਮ ਤਹਿਸੀਲਦਾਰ ਅਤੇ ਪੁਲਿਸ ਵਿਭਾਗ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਇੰਨਾ ਹੀ ਨਹੀਂ ਹਲਕੇ ਦੇ ਵਿਧਾਇਕ ਨੂੰ ਵੀ ਇਸ ਸਬੰਧੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਸਥਿਤੀ ਜਿਉਂ ਦੀ ਤਿਉਂ ਹੀ ਬਰਕਰਾਰ ਹੈ ਅਤੇ ਮਾਈਨਿੰਗ ਦਾ ਕੰਮ ਬੇਝਿਜਕ ਅਤੇ ਬਿਨਾਂ ਕਿਸੇ ਖ਼ੌਫ਼ ਤੋਂ ਲਗਾਤਾਰ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਜ਼ਮੀਨ 'ਤੇ ਮਹਿੰਗੇ ਰਿਸ਼ਤੇ, ਭਰਾ ਨੇ ਭਰਾ-ਭਰਜਾਈ ਨੂੰ ਕੱਢਿਆ ਘਰੋਂ
ਇਸ ਸਬੰਧੀ ਗੱਲਬਾਤ ਕਰਨ ਉੱਤੇ ਐੱਸ.ਡੀ.ਐੱਮ ਮੁਕੇਰੀਆਂ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਸ਼ਿਕਾਇਤ ਆਈ ਸੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ, ਉਨ੍ਹਾਂ ਵੱਲੋਂ ਮਾਈਨਿੰਗ ਅਧਿਕਾਰੀ ਨਾਇਬ ਤਹਿਸੀਲਦਾਰ ਅਤੇ ਪੁਲਿਸ ਵਿਭਾਗ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਸਨ।
ਉਨ੍ਹਾਂ ਕਿਹਾ ਗਿਆ ਕਿ ਉੱਕਤ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਵੀ ਲਿਆ ਗਿਆ ਹੈ ਤੇ ਜਿੱਥੋਂ ਰੇਤ ਕੱਢੀ ਜਾ ਰਹੀ ਹੈ ਇਹ ਖੱਡ ਮੁਗਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੀ ਹੈ ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਉੱਥੇ ਨਾਜਾਇਜ਼ ਤੌਰ ਉੱਤੇ ਮਾਈਨਿੰਗ ਕੀਤੀ ਜਾ ਰਹੀ ਹੈ ਤਾਂ ਇਸ ਸਬੰਧੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ