ਹੁਸ਼ਿਆਰਪੁਰ: ਕੇਂਦਰ ਅਤੇ ਪੰਜਾਬ ਸਰਕਾਰ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਦੇ ਅਧੀਨ ਜਾਂ ਕਿਸੇ ਹੋਰ ਸਕੀਮ ਦੇ ਅਧੀਨ ਮਕਾਨ ਬਣਾ ਕੇ ਦੇਣ ਦੇ ਅਕਸਰ ਦਾਅਵੇ ਕਰਦੀ ਹੈ। ਇਸ ਦੇ ਉਲਟ ਜ਼ਮੀਨੀ ਪੱਧਰ 'ਤੇ ਹਾਲਾਤ ਕੁਝ ਹੋਰ ਹੀ ਬਿਆਨ ਕਰਦੇ ਹਨ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਧਵਾ ਔਰਤ ਦੇ ਖ਼ਸਤਾ ਹਾਲਤ ਘਰ ਦੀ ਛੱਤ ਭਾਰੀ ਮੀਂਹ ਪੈਣ ਕਾਰਨ ਡਿੱਗ ਗਈ ਅਤੇ ਇਸ ਹਾਦਸੇ 'ਚ ਵਿਧਵਾ ਔਰਤ ਤੇ ਉਸ ਦੀ 8 ਵਰ੍ਹਿਆਂ ਦੀ ਧੀ ਮਸਾਂ ਹੀ ਬਚੀਆਂ ਹਨ। ਆਪਣੇ ਘਰ ਦੀ ਮੁੜ ਉਸਾਰੀ ਲਈ ਪੀੜਤ ਮਨਜੀਤ ਕੌਰ ਅਤੇ ਉਸ ਦੀ ਧੀ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ।
ਮੀਡੀਆ ਸਾਹਮਣੇ ਸਰਕਾਰ ਤੋਂ ਗੁਹਾਰ ਲਗਾਉਂਦੇ ਹੋਏ 8 ਵਰ੍ਹਿਆਂ ਦੀ ਬੱਚੀ ਨੇ ਕਿਹਾ ਕਿ ਉਸ ਦੀ ਮਾਂ ਦਿਹਾੜੀਆਂ ਕਰਦੀ ਹੈ ਅਤੇ ਉਸ ਦੇ ਪਿਓ ਦੀ 4 ਵਰ੍ਹੇ ਪਹਿਲਾਂ ਮੌਤ ਹੋ ਗਈ ਸੀ। ਨਿੱਕੀ ਬੱਚੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਸਿਰ 'ਤੇ ਮੁੜ ਛੱਤ ਬਣਾਉਣ ਲਈ ਜਲਦੀ ਮਦਦ ਕੀਤੀ ਜਾਵੇ।
ਇਸੇ ਤਰ੍ਹਾਂ ਹੀ ਪੀੜਤ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵੇਲੇ ਮਦਦ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਦੀ ਗੁਹਾਰ ਸੁਣੇ ਅਤੇ ਉਨ੍ਹਾਂ ਦੀ ਮਦਦ ਕਰੇ।
ਪਿੰਡ ਦੇ ਮੁਹਤਬਰ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਬਹੁਤ ਗ਼ਰੀਬ ਪਰਿਵਾਰ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਪਿੰਡ ਦੇ ਹੋਰ ਮੁਹਤਬਰ ਲੋਕ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲੇ ਸਨ ਤੇ ਡੀਸੀ ਨੇ ਅਰਜ਼ੀ ਲੈ ਕੇ ਰੱਖ ਲਈ ਪਰ ਕੋਈ ਫੌਰੀ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੀਡੀਪੀਓ ਵੀ ਮੌਕਾ ਵੇਖ ਕੇ ਗਏ ਸਨ ਤੇ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਇਸ ਪਰਿਵਾਰ ਦਾ ਨਾਮ ਪਵਾਇਆ ਜਾਵੇਗਾ ਪਰ ਉਸ ਦੀ ਪ੍ਰਕਿਰਿਆਂ ਨੂੰ ਸਮਾਂ ਲੱਗੇਗਾ। ਸੁਖਦੇਵ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਇਸ ਵੇਲੇ ਮਦਦ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਪਰਿਵਾਰ ਇੱਕ ਦੁਕਾਨ ਵਿੱਚ ਆਪਣਾ ਸਮਾਂ ਗੁਜ਼ਰ ਕਰ ਰਿਹਾ ਹੈ।
ਹਰ ਵਾਰ ਭਾਰੀ ਮੀਂਹ ਪੈਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਖ਼ਬਰਾਂ ਪੰਜਾਬ ਭਰ ਤੋਂ ਆਉਂਦੀਆਂ ਹਨ। ਇਨ੍ਹਾਂ ਗ਼ਰੀਬ ਪਰਿਵਾਰਾਂ ਨੂੰ ਮਦਦ ਦੀ ਸਖ਼ਤ ਜ਼ਰੂਰਤ ਹੁੰਦੀ ਹੈ ਪਰ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਸਿਰ 'ਤੇ ਬੈਠੀ ਰਹਿੰਦੀ ਹੈ। ਸੂਚਨਾ ਤੇ ਤਕਨੀਕ ਦੇ ਦੌਰ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਪਛਾਣ ਕਰਕੇ ਤੁਰੰਤ ਇਨ੍ਹਾਂ ਪਰਿਵਾਰਾਂ ਤੱਕ ਮਦਦ ਪਹੁੰਚਦੀ ਕਰੇ।