ਹੁਸ਼ਿਆਰਪੁਰ: ਦੇਸ਼ ਦੇ ਲਈ ਅੰਨ੍ਹ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਹੱਕਾਂ ਦੇ ਲਈ ਆਏ ਦਿਨ ਕਿਤੇ ਨਾ ਕਿਤੇ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਹੈ। ਹੁਸ਼ਿਆਰਪੁਰ ਵਿਖੇ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਰੋਸ਼ਨ ਗਰਾਉਂਡ ਵਿੱਚ ਇਕੱਠੇ ਹੋਏ।
ਜਿਸ ਤੋਂ ਬਾਅਦ ਇਕੱਠੇ ਹੋਏ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ, ਜੋ ਕਿ ਵੱਖ-ਵੱਖ ਥਾਂ ਹੁੰਦਾ ਹੋਇਆ ਸਬਜ਼ੀ ਮੰਡੀ ਵਿਖੇ ਜਾ ਕੇ ਸਮਾਪਤ ਹੋਇਆ। ਇਸ ਰੋਸ ਪ੍ਰਦਰਸਨ ਵਿੱਚ ਅਲੱਗ-ਅਲੱਗ ਜਥੇਬੰਦੀਆਂ ਨੇ ਸਕੂਟਰਾਂ, ਮੋਟਰਸਾਈਕਲਾਂ ਉੱਤੇ ਸਵਾਰ ਹੋ ਕੇ ਹਿੱਸਾ ਲਿਆ।
ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ
ਇਸ ਦੌਰਾਨ ਹਾਜ਼ਰ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਸਿਰਫ਼ ਤੇ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਦੇ ਰਹੀ ਹੈ, ਜਿਸ ਦੇ ਲਈ ਉਹ ਕਿਸਾਨਾਂ ਦੀ ਲੁੱਟ-ਖੋਹ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਏ ਕਿ ਕੇਂਦਰ ਸਰਕਾਰ ਪ੍ਰਾਈਵੇਟ ਕੰਪਨੀਆਂ ਦੇ ਰਸਤੇ ਸਾਫ਼ ਕਰ ਰਹੀ ਹੈ।
ਇੱਕ ਕਿਸਾਨ ਆਗੂ ਨੇ ਕਿਹਾ ਕਿ ਜਦੋਂ ਦੇਸ਼ ਦੀ ਸਰਕਾਰ ਵੱਲੋਂ ਦੂਸਰੇ ਮੁਲਕਾਂ ਤੋਂ ਆਨਾਜ ਮੰਗਵਾਇਆ ਜਾ ਰਿਹਾ ਸੀ, ਤਾਂ ਦੇਸ਼ ਦੇ ਕਿਸਾਨਾਂ ਨੇ ਬੰਜਰ ਜ਼ਮੀਨਾਂ ਨੂੰ ਵਾਹ ਕੇ ਦੇਸ਼ ਦੇ ਲਈ ਲੋੜੀਂਦਾ ਆਨਾਜ ਪੈਦਾ ਕੀਤਾ ਸੀ।