ਗੜ੍ਹਸ਼ੰਕਰ : ਨਗਰ ਕੌਂਸਲ ਗੜ੍ਹਸ਼ੰਕਰ ਵਿੱਖੇ ਮਾਹੌਲ ਉਸ ਸਮੇਂ ਤਣਾਅ ਪੂਰਨ ਹੋ ਗਿਆ ਜਦੋਂ ਸਫਾਈ ਮੁਲਾਜ਼ਮਾਂ ਦੀਆਂ ਔਰਤਾਂ ਖਿਲਾਫ਼ ਵਾਰਡ 5 ਦੇ ਕੌਂਸਲਰ ਵੱਲੋਂ ਮੰਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ। ਸਫਾਈ ਮੁਲਾਜ਼ਮਾਂ ਵੱਲੋਂ ਕੌਂਸਲਰ ਦੇ ਖਿਲਾਫ਼ ਪ੍ਰਦਰਸ਼ਨ ਕਰਕੇ ਉਸ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਨਗਰ ਕੌਂਸਲ ਗੜ੍ਹਸ਼ੰਕਰ ਦੇ ਸਫਾਈ ਮੁਲਾਜ਼ਮਾਂ ਨੇ ਆਰੋਪ ਲਗਾਇਆ ਕਿ ਵਾਰਡ 5 ਦਾ ਕੌਂਸਲਰ ਦੀਪਕ ਕੁਮਾਰ ਦੀਪਾ ਨੇ ਸਾਡੇ ਖਿਲਾਫ਼ ਬਹੁਤ ਹੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਜਿਸਦੇ ਕਾਰਨ ਉਨ੍ਹਾਂ ਨਗਰ ਕੌਂਸਲ ਦਫਤਰ ਵਿੱਖੇ ਇਕੱਠੇ ਹੋਕੇ ਵਾਰਡ 5 ਦੇ ਕੌਂਸਲਰ ਦੀਪਕ ਕੁਮਾਰ ਦੀਪਾ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੀਪਕ ਕੁਮਾਰ ਨੂੰ ਕੌਂਸਲਰ ਦੇ ਅਹੁਦੇ ਤੋਂ ਬਰਖ਼ਾਸਤ ਕਰਕੇ ਕਾਰਵਾਈ ਕੀਤੀ ਜਾਵੇ।
ਸਫਾਈ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਕੌਂਸਲਰ ਮੌਕੇ 'ਤੇ ਨਹੀਂ ਆਉਂਦਾ ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਇਸ ਦੇ ਨਾਲ ਹੀ ਪ੍ਰਦਰਸ਼ਨਾਕਰੀਆਂ ਨੇ ਕੂੜੇ ਦੀ ਭਰੀ ਹੋਈ ਟਰਾਲੀ ਕੌਂਸਲਰ ਦੇ ਘਰ ਦੇ ਗੇਟ ਅੱਗੇ ਸੁੱਟ ਕੇ ਜੰਮਕੇ ਨਾਰੇਬਾਜੀ ਵੀ ਕੀਤੀ ਗਈ। ਉੱਧਰ ਦੂਜੇ ਪਾਸੇ ਉਕਤ ਵਾਰਡ ਦੀਆਂ ਔਰਤਾਂ ਨੇ ਵੀ ਮੌਕੇ 'ਤੇ ਪਹੁੰਚ ਕੇ ਕੌਂਸਲਰ ਦੀਪਕ ਕੁਮਾਰ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਦੇ ਆਰੋਪ ਲਾਉਂਦੇ ਹੋਏ ਕਿਹਾ ਕਿ ਜਦੋਂ ਉਹ ਕੌਂਸਲਰ ਨੂੰ ਕਿਸੇ ਕੰਮ ਲਈ ਕਹਿੰਦੇ ਹਨ ਤਾਂ ਕੌਂਸਲਰ ਵੱਲੋਂ ਉਨ੍ਹਾਂ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ। ਇਸ ਸਬੰਧ ਵਿੱਚ ਨਗਰ ਕੌਂਸਲ ਗੜ੍ਹਸ਼ੰਕਰ ਦੇ ਐਸ.ਓ ਨੇ ਵੀ ਕੌਂਸਲਰਾਂ ਦੇ ਪਰਿਵਾਰਕ ਮੈਂਬਰਾਂ 'ਤੇ ਬਦਸਲੂਕੀ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਸਬੰਧੀ ਜਦੋਂ ਕੌਂਸਲਰ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਮੋਬਾਈਲ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਿਕਾਰਦੇ ਹੋਏ ਸ਼ਹਿਰ ਤੋਂ ਬਾਹਰ ਹੋਣ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ ਗਿਆ।
ਇਹ ਵੀ ਪੜ੍ਹੋ:ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਲਈ ਬਾਦਲ ਪੂਰੀ ਤਰ੍ਹਾਂ ਨਾਲ ਜਿੰਮੇਵਾਰ: ਖਹਿਰਾ