ਬਠਿੰਡਾ: "ਮੈਂ ਆਪਣਾ ਵਿਆਹ ਤਾਂ ਲੇਟ ਨਹੀਂ ਕਰ ਸਕਦਾ ਸੀ ਕਿਉਂਕਿ ਤਾਰੀਕ ਪਹਿਲਾਂ ਨਿਕਲ ਚੁੱਕੀ ਸੀ ਪਰ ਇਸ ਦੇ ਬਾਵਜੂਦ ਵੀ ਮੈਂ ਕਿਸਾਨਾਂ ਵੱਲੋਂ ਕੀਤੇ ਪੰਜਾਬ ਬੰਦ ਦਾ ਸਮਰਥਨ ਕਰਦਾ ਹਾਂ"। ਇਹ ਬਿਆਨ ਲਾੜੇ ਬਲਜਿੰਦਰ ਸਿੰਘ ਨੇ ਦਿੱਤਾ ਹੈ। ਕਿਸਾਨਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਕੀਤਾ ਹੋਇਆ ਹੈ ਅਤੇ ਇਕ ਲਾੜਾ ਆਪਣੇ ਵਿਆਹ ਵਾਲੇ ਦਿਨ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਪਹੁੰਚਿਆ ਹੈ।
ਕਿਸਾਨ ਅੰਦੋਲਨ ਨੂੰ ਸਮਰਥਨ
ਦੱਸ ਦੇਈਏ ਕਿ ਪੰਜਾਬ ਬੰਦ ਦੇ ਤਹਿਤ ਅੱਜ ਕਿਸਾਨਾਂ ਨੇ ਬਠਿੰਡਾ ਦੇ ਘਨਈਆ ਚੌਂਕ ਵਿੱਚ ਧਰਨਾ ਦਿੱਤਾ। ਅੱਜ ਦੁਪਹਿਰ 12 ਵਜੇ ਦੇ ਕਰੀਬ ਲਾੜਾ ਬਲਜਿੰਦਰ ਸਿੰਘ ਵਾਸੀ ਪਿੰਡ ਮਾਖੋਂ ਨੇ ਕਿਸਾਨਾਂ ਵਿਚਕਾਰ ਪਹੁੰਚ ਕੇ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਬਲਜਿੰਦਰ ਸਿੰਘ ਨੇ ਕਿਹਾ ਕਿ ਅੱਜ ਉਸ ਦਾ ਵਿਆਹ ਹੈ ਅਤੇ ਉਹ ਇਕ ਕਿਸਾਨ ਵੀ ਹੈ। ਉਹ ਆਪਣੇ ਵਿਆਹ ਨੂੰ ਟਾਲ ਨਹੀਂ ਸਕਦਾ ਸੀ ਪਰ ਉਹ ਕਿਸਾਨ ਹੈ, ਇਸ ਕਰਕੇ ਉਸ ਨੇ ਕਿਸਾਨਾਂ ਦੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ।
ਕਿਸਾਨਾਂ ਦੀ ਮੰਗਾਂ ਜਾਇਜ਼
ਉਸ ਨੇ ਕਿਹਾ ਕਿ ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਸਾਰਾ ਪੰਜਾਬ ਬੰਦ ਹੈ ਅਤੇ ਮੈਂ ਵਿਆਹ ਕਰਵਾਉਣ ਜਾ ਰਿਹਾ ਹਾਂ। ਮੇਰਾ ਪਰਿਵਾਰ ਅੱਜ ਕਿਸਾਨਾਂ ਦੇ ਨਾਲ ਹੈ ਅਤੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਰਕਾਰ ਉਨ੍ਹਾਂ ਦੀਆਂ ਫ਼ਸਲਾਂ ਦੇ ਭਾਅ ਮੁੱਢਲੇ ਸਿਧਾਂਤਾਂ ਦੇ ਆਧਾਰ ‘ਤੇ ਦੇਵੇ ਜਿਸ ਬਾਰੇ ਸਾਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲੰਮੇ ਸਮੇਂ ਤੋਂ ਮਰਨ ਵਰਤ ‘ਤੇ ਬੈਠੇ ਹਨ। ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਜਲਦੀ ਪੂਰੀਆਂ ਕਰੇ। ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਲਾੜੀ ਨੂੰ ਲੈਣ ਮੁਕਤਸਰ ਜਾ ਰਿਹਾ ਸੀ।