ਹੁਸ਼ਿਆਰਪੁਰ: ਕਰਜ਼ੇ ਕਾਰਨ ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦਾ ਹੀ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਟੂਟੋਮਜਾਰਾ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਕੁਲਵੀਰ ਸਿੰਘ ਦਾ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਕਾਂਗਰਸ ਸਕੱਤਰ ਹੈ।
ਮੀਡੀਆ ਨਾਲ ਭਰੇ ਮਨ ਨਾਲ ਗੱਲ ਕਰਦੇ ਹੋਏ ਮ੍ਰਿਤਕ ਦੇ ਭਰਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਸਿਰ ਦੋ ਬੈਂਕਾਂ ਦਾ 5 ਤੋਂ 6 ਲੱਖ ਰੁਪਏ ਦਾ ਕਰਜ਼ਾ ਸੀ। ਉਨਾਂ ਕਿਹਾ ਇਸੇ ਕਾਰਨ ਹੀ ਉਹ ਪ੍ਰੇਸ਼ਾਨੀ ਵਿੱਚ ਰਹਿੰਦਾ ਸੀ ਅਤੇ ਲੌਕਡਾਊਨ ਕਾਰਨ ਉਸ ਦੀ ਅਰਥਿਕ ਹਾਲਤ ਵੀ ਖਰਾਬ ਹੋ ਗਈ ਸੀ।
ਕੁਲਵਿੰਦਰ ਸਿੰਘ ਨੇ ਨਮ ਅੱਖਾਂ ਨਾਲ ਕਿਹਾ ਕਿ ਸਰਕਾਰਾਂ ਕਿਸਾਨਾਂ ਨਾਲ ਕਈ ਵਾਅਦੇ ਕਰਦੀਆਂ ਹਨ ਪਰ ਪੂਰਾ ਇੱਕ ਵੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਮੌਜੂਦਾ ਸਰਕਾਰ ਨੇ ਵੀ ਸਿਰਫ ਲਾਰੇ ਹੀ ਲਾਏ ਹਨ, ਉਨ੍ਹਾਂ ਕਿਹਾ ਬੈਂਕ ਕਰਜ਼ੇ ਨੂੰ ਲੈ ਕੇ ਲਗਾਤਾਰ ਤੰਗ ਕਰਦੇ ਹਨ।
ਇਸ ਮੌਕੇ ਥਾਣਾ ਮਹਿਲਪੁਰ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਮ੍ਰਿਤਕ ਕੁਲਵੀਰ ਸਿੰਘ ਦਾ ਪੋਸਟਮਾਟਰਮ ਕਰਵਾਇਆ ਜਾ ਰਿਹਾ ਹੈ।