ਹੁਸ਼ਿਆਰਪੁਰ : ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਿਧਾਇਕ ਅਤੇ ਉੱਥੋਂ ਦੇ ਟ੍ਰਾਂਸਪੋਰਟ ਮੰਤਰੀ ਹਰਦੀਪ ਸਿੰਘ ਗਰੇਵਾਲ ਆਪਣੇ ਪੰਜਾਬ ਨਿੱਜੀ ਦੌਰੇ ਉੱਤੇ ਹਨ। ਉਨ੍ਹਾਂ ਵਲੋਂ ਖਾਸਤੌਰ ਉੱਤੇ ਮੁਕੇਰੀਆਂ ਦੇ ਇਕ ਕਾਲੇਜ ਦਾ ਦੌਰਾ ਕੀਤਾ ਗਿਆ ਅਤੇ ਆਪਣੀਆਂ ਪੰਜਾਬ ਮੁਲਾਕਾਤਾਂ ਨੂੰ ਸਾਂਝਾ ਕੀਤਾ ਗਿਆ ਹੈ। ਗਰੇਵਾਲ ਨੇ ਪੰਜਾਬੀ ਵਿਦਿਆਰਥੀਆਂ ਲਈ ਵੀ ਅਹਿਮ ਗੱਲਾਂ ਕੀਤੀਆਂ ਹਨ।
ਕੈਨੇਡਾ ਵਿਧਾਇਕ ਦਾ ਨਿੱਜੀ ਦੌਰਾ: ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਮੁਕੇਰੀਆਂ ਦੇ ਕਾਲੇਜ ਪਹੁੰਚਣ ਉਪਰੰਤ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਐੱਸ ਜੀ ਪੀ ਸੀ ਮੈਂਬਰ ਰਵਿੰਦਰ ਸਿੰਘ ਚੱਕ ਵੀ ਮੌਜੂਦ ਸਨ। ਕਾਲੇਜ ਸਟਾਫ ਵਲੋਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੈਨੇਡਾ ਵਿੱਚ ਸਟੱਡੀ ਅਤੇ ਕੈਨੇਡਾ ਦੇ ਨਿਯਮਾਂ ਦਾ ਵੀ ਜਿਕਰ ਕੀਤਾ ਹੈ। ਵਿਧਾਇਕ ਹਰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਪੰਜਾਬ ਕਾਫੀ ਲੰਬੇ ਸਮੇਂ ਬਾਅਦ ਆਏ ਹਨ। ਉਹ ਆਪਣੇ ਜੱਦੀ ਘਰ ਵੀ ਜਾਣਗੇ ਇਤੇ ਇਹ ਉਨ੍ਹਾਂ ਦਾ ਪੰਜਾਬ ਨਿੱਜੀ ਦੌਰਾ ਹੈ।
ਕੈਨੇਡਾ ਸਰਕਾਰ ਨੇ ਵੀਜ਼ਾ ਪ੍ਰਕਿਰਿਆ ਕੀਤੀ ਸੌਖੀ: ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਧਾਇਕ ਹਰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਦੇ ਵਿਦਿਆਰਥੀ ਜੋ ਕੈਨੇਡਾ ਪੜ੍ਹਾਈ ਕਰਨ ਲਈ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਸਰਕਾਰ ਵਲੋਂ ਕਈ ਸਹੂਲਤਾਂ ਦਿੱਤੀਆਂ ਹਨ। ਹਰਦੀਪ ਗਰੇਵਾਲ ਨੇ ਦੱਸਿਆ ਕਿਆ ਕੈਨੇਡਾ ਸਰਕਾਰ ਵਲੋਂ ਸਟੱਡੀ ਵੀਜ਼ਾ ਪ੍ਰਾਪਤ ਕਰਨ ਦੀ ਸਾਰੀ ਪ੍ਰਕਿਰਿਆ ਪਹਿਲਾਂ ਨਾਲੋਂ ਹੋਰ ਸੌਖੀ ਕਰ ਦਿੱਤੀ ਗਈ ਹੈ। ਇਸ ਕਰਕੇ ਜੋ ਵਿੱਦਿਆਰਥੀ ਕੈਨੇਡਾ ਪੜਾਈ ਕਰਕੇ ਆਪਣਾ ਭਵਿੱਖ ਸੰਵਾਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਚੰਗਾ ਮੌਕੇ ਹੈ।
ਹਰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਗਰੀਬ ਘਰਾਂ ਦੇ ਜੋ ਬੱਚੇ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਲ਼ਈ ਵੀ ਕਈ ਤਰਾਂ ਦੀ ਸੰਸਥਾਵਾਂ ਕੰਮ ਕਰਦਿਆਂ ਹਨ। ਇਹ ਸੰਸਥਾਵਾਂ ਗਰੀਬ ਹੁਸ਼ਿਆਰ ਬੱਚਿਆਂ ਦੀ ਮਦਦ ਕਰਦੀਆਂ ਹਨ। ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨਾਲ ਸੰਪਰਕ ਕਰਕੇ ਵਿਦਿਆਰਥੀ ਕੈਨੇਡਾ ਆ ਸਕਦੇ ਹਨ। ਇਸ ਦੌਰਾਨ ਕਾਲੇਜ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।