ਹੁਸ਼ਿਆਰਪੁਰ: ਦਸੂਹਾ ਦੇ ਪਿੰਡ ਬਾਲਾ ਕੁੱਲੀਆਂ 'ਚ ਦੋ ਸਕੇ ਭਰਾਵਾਂ ਦੇ ਝਗੜੇ 'ਚ ਇੱਕ ਭਰਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋਹਾਂ ਭਰਾਵਾਂ 'ਚ ਬੀਤੇ ਸਮੇਂ ਤੋਂ ਘਰੇਲੂ ਲੜਾਈ ਚੱਲ ਰਹੀ ਸੀ। ਐਤਵਾਰ ਸਵੇਰੇ ਵੀ ਦੋਹਾਂ ਵਿਚਾਲੇ ਝਗੜਾ ਹੋ ਗਿਆ ਸੀ, ਇਸ ਦੌਰਾਨ ਗੁੱਸੇ 'ਚ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਸੁਖਦੀਪ ਸਿੰਘ ਦਾ ਖੁਖਰੀ ਮਾਰ ਕੇ ਕਤਲ ਕਰ ਦਿੱਤਾ।
ਕਤਲ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਭੈਣ ਦਲਜੀਤ ਕੌਰ ਨੇ ਦੱਸਿਆ ਕਿ ਸੁਖਦੀਪ ਸਿੰਘ ਪਹਿਲਾਂ ਇਟਲੀ ਰਹਿੰਦਾ ਸੀ, ਜੋ ਤਿੰਨ ਸਾਲ ਪਹਿਲਾ ਘਰ ਪਰਤ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਸੁਖਦੀਪ ਸਿੰਘ ਤੇ ਉਸ ਦਾ ਵੱਡਾ ਪੁੱਤਰ ਕੁਲਦੀਪ ਸਿੰਘ ਦੋਵੇਂ ਇਕੋਂ ਘਰ ਵਿੱਚ ਰਹਿੰਦੇ ਸਨ। ਇਨ੍ਹਾਂ ਦਾ ਰੋਜ਼ਾਨਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ।
ਐਤਵਾਰ ਸਵੇਰੇ ਵੀ ਉਨ੍ਹਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਸੀ, ਦੁਪਹਿਰ ਡੇਢ ਵਜੇ ਦੇ ਕਰੀਬ ਅਚਾਨਕ ਗੁੱਸੇ ਵਿੱਚ ਆਏ ਉਸ ਦੇ ਵੱਡੇ ਭਰਾ ਕੁਲਦੀਪ ਸਿੰਘ ਨੇ ਛੋਟੇ ਭਰਾ ਸੁਖਦੀਪ ਸਿੰਘ 'ਤੇ ਖੁਖਰੀ ਨਾਲ ਹਮਲਾ ਕਰ ਦਿੱਤਾ। ਖੁਖਰੀ ਦਾ ਵਾਰ ਸੁਖਦੀਪ ਦੇ ਸ਼ਰੀਰ 'ਤੇ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਮਾਮਲੇ 'ਤੇ ਡੀਐਸਪੀ ਅਨਿਲ ਭਨੋਟ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਕੋਲ ਕਿਸੇ ਤਰ੍ਹਾਂ ਦਾ ਬਿਆਨ ਦਰਜ ਨਹੀਂ ਹੋਇਆ ਹੈ, ਜਿਸ 'ਚ ਇਹ ਕਿਹਾ ਗਿਆ ਹੋਵੇ ਕਿ ਉਸ ਦੇ ਵੱਡੇ ਭਰਾ ਨੇ ਛੋਟੇ ਦਾ ਕਤਲ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ।