ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਸਤਕ ਲੰਗਰ ਸਕੂਲ ਪ੍ਰਿੰਸੀਪਲ ਲਲਿਤਾ ਅਰੋੜਾ ਦੀ ਅਗਵਾਈ 'ਚ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ 'ਚ ਸਕੂਲੀ ਵਿਦਿਆਰਥਣਾਂ ਨੇ ਉਤਸ਼ਾਹ ਦਿਖਾਉਂਦਿਆਂ ਹੋਇਆਂ ਭਾਗ ਲੈ ਕੇ ਪੁਸਤਕ ਲੰਗਰ ਦਾ ਭਰਪੂਰ ਲਾਹਾ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਲਲਿਤਾ ਅਰੋੜਾ ਨੇ ਦੱਸਿਆ ਕਿ ਇਹ ਪੁਸਤਕ ਲੰਗਰ ਵਿਦਿਆਰਥੀਆਂ ਦਾ ਬੌਧਿਕ ਤੇ ਮਾਨਸਿਕ ਵਿਕਾਸ ਕਰਵਾਉਣ ਦੇ ਉਦੇਸ਼ ਨਾਲ ਲਗਾਇਆ ਗਿਆ ਹੈ।
ਇਹ ਪੁਸਤਕ ਲੰਗਰ ਅੱਜ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ 'ਚ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਵਾਰੀ ਦੌਰਾਨ ਵਿਦਿਆਰਥੀ ਘਰਾਂ ਚ ਰਹਿ ਕੇ ਸਿੱਖਿਆ ਹਾਸਿਲ ਕਰ ਰਹੇ ਨੇ ਤੇ ਉਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਨਾ ਹੋਣ ਇਸ ਕਰਕੇ ਸਿੱਖਿਆ ਵਿਭਾਗ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ:ਮਹਿਲਾ ਕਾਂਗਰਸੀ ਵਰਕਰਾਂ ਨੇ ਸੜਕ ’ਤੇ ਸਿਲੰਡਰ ਰੱਖ ਕੀਤਾ ਪ੍ਰਦਰਸ਼ਨ
ਉਨ੍ਹਾਂ ਕਿਹਾ ਕਿ ਪੁਸਤਕਾਂ ਗਿਆਨ ਦਾ ਭੰਡਾਰ ਹਨ ਤੇ ਇਨ੍ਹਾਂ ਤੋਂ ਵੱਡਾ ਵਿਦਿਆਰਥੀਆਂ ਦਾ ਕੋਈ ਦੋਸਤ ਵੀ ਨਹੀਂ ਹੁੰਦਾ। ਇਸ ਪੁਸਤਕ ਮੇਲੇ 'ਚ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਦੀਆਂ ਪੁਸਤਕਾਂ ਮੁਹੱਈਆ ਕਰਵਾਈਆਂ ਗਈਆਂ ਨੇ ਉਨ੍ਹਾਂ ਕਿਹਾ ਕਿ ਇਹ ਪੁਸਤਕਾਂ ਸਕੂਲ ਵੱਲੋਂ ਬਿਨਾਂ ਕਿਸੇ ਪੈਸੇ ਤੋਂ ਦਿੱਤੀਆਂ ਜਾ ਰਹੀਆਂ ਨੇ। ਪ੍ਰਿੰਸੀਪਲ ਲਲਿਤਾ ਅਰੋੜਾ ਨੇ ਦੱਸਿਆ ਕਿ ਜੋ ਵਿਦਿਆਰਥੀ ਪਿੰਡਾਂ ਤੋਂ ਆਉਂਦੇ ਨੇ ਉਨ੍ਹਾਂ ਨੂੰ ਪੁਸਤਕਾਂ ਮੋਬਾਇਲ ਵੈਨ ਰਾਹੀਂ ਘਰਾਂ 'ਚ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।