ਹੁਸ਼ਿਆਰਪੁਰ: ਹਲਕਾ ਦਸੂਹਾ ਦੇ ਤਲਵਾੜਾ ਇਲਾਕੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਇਲਾਕੇ ਦੇ ਲੋਕਾਂ ਅਤੇ ਬੀਬੀਐਮਬੀ ਦੇ ਮੁਲਾਜ਼ਮਾਂ ਦੀ ਸਹੂਲਤ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਹਸਪਤਾਲ ਬਣਾਇਆ ਗਿਆ। ਇਹ ਹਸਪਤਾਲ ਸਿਰਫ਼ ਖ਼ਾਲੀ ਇਮਾਰਤ ਬਣ ਕੇ ਰਹਿ ਗਈ ਹੈ।
ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਇਸ ਹਸਪਤਾਲ ਵਿੱਚ ਨਾ ਤਾਂ ਡਾਕਟਰ ਪੂਰੇ ਹਨ ਅਤੇ ਨਾ ਹੀ ਨਰਸ ਸਟਾਫ਼ ਅਤੇ ਨਾ ਹੀ ਮਰੀਜਾਂ ਦੀ ਐਮਰਜੈਂਸੀ ਸਹੂਲਤ ਲਈ ਜ਼ਰੂਰੀ ਉਪਕਰਣ ਹਨ। ਇਸ ਹਸਪਤਾਲ ਵਿੱਚ ਹਰ ਪਾਸੇ ਲੱਗੇ ਤਾਲੇ ਇਸ ਹਸਪਤਾਲ ਦੀ ਦੁਰਦਸ਼ਾ ਨੂੰ ਬਿਆਨ ਕਰ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਇਲਾਕੇ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਣ ਉੱਤੇ ਇਸ ਹਸਪਤਾਲ ਵਿੱਚ ਉਸ ਨਾਲ ਨਜਿੱਠਣ ਲਈ ਵੀ ਕੋਈ ਸਹੂਲਤ ਨਹੀਂ ਹੈ। ਡਾਕਟਰ ਦੀ ਕਮੀ ਕਾਰਣ ਕਿਸੇ ਵੀ ਗੰਭੀਰ ਮਰੀਜ਼ ਨੂੰ ਸਿਰਫ਼ ਮੁੱਢਲਾ ਇਲਾਜ ਦੇ ਕੇ ਰੈਫਰ ਕਰ ਦਿਤਾ ਜਾਂਦਾ ਹੈ। ਮਰੀਜ਼ਾਂ ਲਈ 100 ਬੈਡ ਵਾਲੇ ਇਸ ਹਸਪਤਾਲ ਵਿੱਚ ਹਾਲਾਤ ਇਹ ਹਨ ਕਿ ਇਕ ਮਰੀਜ਼ ਹੀ ਬੈਡ 'ਤੇ ਵੇਖਣ ਨੂੰ ਮਿਲਿਆ। ਸਟਾਫ਼ ਦੀ ਕਮੀ ਹੋਣ ਕਾਰਨ ਇੱਥੇ ਕੋਈ ਮਰੀਜ਼ ਜਾਣ ਤੋਂ ਗੁਰੇਜ਼ ਕਰਦਾ ਹੈ।
ਉੱਥੇ ਹੀ, ਹਸਪਤਾਲ ਦੇ ਮੁਲਾਜ਼ਮ ਹੀ ਹਸਪਤਾਲ ਦੀਆਂ ਕਮੀਆਂ ਦੱਸਣ ਤੋਂ ਗੁਰੇਜ਼ ਨਹੀਂ ਕਰ ਰਹੇ। ਇਸ ਤੋਂ ਬਾਅਦ ਜਦੋਂ ਹਸਪਤਾਲ ਵਿੱਚ OPD ਚੈਕਅਪ ਕਰਵਾਉਣ ਆਏ ਮਰੀਜ਼ਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਦੀ ਕਮੀ ਕਾਰਨ ਇਹ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਸਿਰਫ਼ ਇਮਾਰਤ ਹੀ ਹੈ, ਹਸਪਤਾਲ ਵਿੱਚ ਹੋਣ ਵਾਲੀਆਂ ਸਹੂਲਤਾਂ ਦੀ ਇੱਥੇ ਬਹੁਤ ਕਮੀ ਹੈ। ਪੂਰੇ ਹਸਪਤਾਲ ਦੇ ਹਾਲਾਤ ਵੇਖਣ ਤੋਂ ਬਾਅਦ ਜਦੋ ਹਸਪਤਾਲ ਦੇ ਦਫ਼ਤਰ ਵੱਲ ਗਏ ਤਾਂ ਉੱਥੇ ਵੀ ਪ੍ਰਿੰਸੀਪਲ ਮੈਡੀਕਲ ਅਫ਼ਸਰ ਦਾ ਕਮਰਾ ਖਾਲੀ ਵੇਖਣ ਨੂੰ ਮਿਲਿਆ। ਹਸਪਤਾਲ ਦੀ ਐਮਰਜੈਂਸੀ ਵਿੱਚ ਸਿਰਫ਼ ਇਕ ਬੈਡ ਲੱਗਾ ਦੇਖ ਕੇ ਜਦ ਐਮਰਜੈਂਸੀ ਮੈਡੀਕਲ ਅਫਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਸਹੂਲਤਾਂ ਘੱਟ ਹੋਣ ਦੀ ਗੱਲ ਨੂੰ ਮੰਨਿਆ।
ਹਸਪਤਾਲ ਦੇ ਮਰੀਜ਼ ਨਾਲ ਅਤੇ ਸਟਾਫ ਨਾਲ ਗੱਲ ਕਰਨ ਤੋਂ ਬਾਦ ਅਸੀਂ ਪਹੁਚੇ ਤਲਵਾੜਾ ਹਸਪਤਾਲ ਤੋਂ ਬਾਹਰ ਰਿਹਾਸ਼ੀ ਇਲਾਕੇ ਦੇ ਨਾਗਰਿਕਾਂ ਕੋਲ, ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿੱਚ ਮਰੀਜਾਂ ਨੂੰ ਰੈਫਰ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ ਜਾਂਦਾ । ਬੀਬੀਐਮਬੀ ਵਲੋਂ ਬਣਾਏ ਗਏ ਇਸ ਹਸਪਤਾਲ ਵਿੱਚ ਉਪਕਰਨਾਂ ਦੀ ਪੂਰਤੀ ਕਰਨ ਦੀ ਜਿੰਮੇਵਾਰੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਹੈ ਅਤੇ ਡਾਕਟਰ ਦੀ ਘਾਟ ਪੂਰੀ ਕਰਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਜੇਕਰ, ਪੰਜਾਬ ਸਕਰਾਕ ਕੋਲ ਵੀ ਡਾਕਟਰ ਮੁਹੱਈਆ ਨਾ ਹੋਣ ਤਾਂ ਹਰਿਆਣਾ ਅਤੇ ਰਾਜਸਥਾਨ ਤੋਂ ਡਾਕਟਰ ਡਿਪੋਟੇਸ਼ਨ 'ਤੇ ਮੰਗਵਾਉਣ ਦੀ ਵੀ ਸਹੂਲਤ ਹੈ। ਇਸ ਤੋਂ ਬਾਅਦ ਵੀ ਹਸਪਤਾਲ ਦੀ ਇਹ ਦੁਖਦਾਈ ਹਾਲਾਤ ਵੱਡੇ ਸਵਾਲ ਪੈਦਾ ਕਰ ਰਹੀ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਨੇ 550ਵੇਂ ਪ੍ਰਕਾਸ਼ ਪੁਰਬ ਦੀ ਇੱਕ ਖ਼ੂਬਸੁਰਤ ਯਾਦ ਕੀਤੀ ਸਾਂਝੀ, ਵੇਖੋ ਵੀਡੀਓ