ਹੁਸ਼ਿਆਰਪੁਰ: ਲੋਕਾਂ ਨੂੰ ਮੌਲਿਕ ਸਹੂਲਤਾਂ ਉਪਲੱਬਧ ਕਰਵਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਪਰ ਜੇਕਰ ਸਰਕਾਰ ਮੌਲਿਕ ਸਹੂਲਤਾਂ ਉਪਲੱਬਧ ਕਰਵਾਉਣ ਦੀ ਥਾਂ 'ਤੇ ਪਹਿਲਾਂ ਤੋਂ ਚੱਲ ਰਹੀਆਂ ਸਹੂਲਤਾਂ ਹੀ ਬੰਦ ਕਰ ਦੇਵੇ ਤਾਂ ਸਵਾਲ ਉੱਠਣੇ ਲਾਜ਼ਮੀ ਹਨ। ਅਜਿਹਾ ਹੀ ਗੜ੍ਹਸ਼ੰਕਰ ਦੇ ਪਿੰਡ ਗੋਗੋਂ 'ਚ ਹੋਇਆ ਜਿੱਥੇ ਘਰ ਤੋਂ ਬੇਘਰ ਪਰਿਵਾਰ ਜਿਹੜਾ ਕਿ ਝੋਪੜੀ ਦੇ ਵਿੱਚ ਰਹਿਣ ਨੂੰ ਮਜ਼ਬੂਰ ਹੈ, ਉਸ ਦਾ ਆਟਾ ਦਾਲ ਸਕੀਮ ਕਾਰਡ ਕੱਟਿਆ ਗਿਆ ਹੈ।
ਸਰਕਾਰ ਨੇ ਕੱਟੇ ਗਰੀਬਾਂ ਦੇ ਕਾਰਡ: ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਦਾ ਕਾਰਡ ਕੱਟਣ ਨਾਲ ਬਹੁਤ ਸਾਰੇ ਪਰਿਵਾਰ ਰੋਜ਼ੀ ਰੋਟੀ ਤੋਂ ਵੀ ਮੁਹਤਾਜ਼ ਨਜ਼ਰ ਆ ਰਹੇ ਹਨ। ਪਿੰਡ ਗੋਗੋਂ ਦਾ ਨਿਵਾਸੀ ਅਮਰਜੀਤ ਸਿੰਘ ਪੁੱਤਰ ਸਰਵਣ ਸਿੰਘ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਉਹ ਆਪਣੀ ਪਤਨੀ ਤੇ 3 ਬੱਚਿਆਂ ਸਮੇਤ ਘਰ ਨਾ ਹੋਣ ਕਾਰਨ ਪਿੰਡ ਤੋਂ ਬਾਹਰ ਝੋਪੜੀ ਵਿੱਚ ਰਹਿ ਰਿਹਾ ਹੈ। ਜਿਸਦੀ ਪਤਨੀ ਰਸ਼ਪਾਲ ਕੌਰ ਦੇ ਨਾਂਅ ’ਤੇ ਬਣਿਆ ਕਾਰਡ ਹਾਲ ਹੀ ਵਿਚ ਹੋਈ ਨਵੀਂ ਸਰਕਾਰ ਵਲੋਂ ਕਰਵਾਈ ਗਈ ਪੜਤਾਲ ਦੌਰਾਨ ਕੱਟਿਆ ਗਿਆ। ਉਨ੍ਹਾਂ ਦੱਸਿਆ ਕਿ ਉਹ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸਦਾ ਆਟਾ ਦਾਲ ਸਕੀਮ ਦਾ ਕਾਰਡ ਇਸ ਕਰਕੇ ਬਣਾਇਆ ਗਿਆ ਸੀ ਕਿ ਗਰੀਬ ਰੇਖਾ ਦੇ ਅਧੀਨ ਆਉਂਦਾ ਹੈ ਪਰ ਹੁਣ ਉਨ੍ਹਾਂ ਦਾ ਕਾਰਡ ਕੱਟਣ ਨਾਲ ਰੋਟੀ ਤੋਂ ਵੀ ਮੁਹਤਾਜ਼ ਹੈ।
ਸਰਪੰਚ ਦਾ ਬਿਆਨ: ਇਸ ਸਬੰਧ ਦੇ ਵਿੱਚ ਪਿੰਡ ਗੋਗੋਂ ਦੀ ਸਰਪੰਚ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਜਿਆਦਾਤਰ ਗਰੀਬ ਪਰਿਵਾਰਾਂ ਦੇ ਹੀ ਰਾਸ਼ਨ ਕਾਰਡ ਕੱਟੇ ਗਏ ਹਨ। ਜਿਨ੍ਹਾਂ ਦੇ ਵਿੱਚ ਇੱਕ ਪਰਿਵਾਰ ਘਰ ਤੋਂ ਬੇਘਰ ਪਿੰਡ ਦੀ ਸਾਂਝੀ ਜ਼ਮੀਨ ਦੇ ਵਿੱਚ ਝੋਪੜੀ ਵਿੱਚ ਰਹਿਣ ਨੂੰ ਮਜਬੂਰ ਹੈ ਉਸ ਦਾ ਵੀ ਰਾਸ਼ਨ ਕਾਰਡ ਕੱਟਿਆ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਜਲਦ ਬਹਾਲ ਕੀਤੇ ਜਾਣ। ਜਿਕਰਯੋਗ ਗੱਲ ਹੈ ਕਿ ਸਬ ਡਵੀਜ਼ਨ ਗੜ੍ਹਸ਼ੰਕਰ ਦੇ ਵਿੱਚ ਤਕਰੀਬਨ 5 ਹਜ਼ਾਰ ਦੇ ਕਰੀਬ ਆਟਾ ਦਾਲ ਸਕੀਮ ਦੇ ਕਾਰਡ ਕੱਟੇ ਗਏ ਹਨ ਅਤੇ ਇਲਾਕੇ ਵਿੱਚ ਚਰਚਾ ਹੈ ਕਿ ਇਹ ਸਾਰੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਆਟਾ ਦਾਲ ਸਕੀਮ ਅਧੀਨ ਕਾਰਡ ਕੱਟੇ ਜਾਣ ਕਾਰਨ ਵਿਰੋਧੀ ਪਾਰਟੀਆਂ ਵਲੋਂ ਵੀ ਲਗਾਤਾਰ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।