ਹੁਸ਼ਿਆਰਪੁਰ: ਜ਼ਿਲ੍ਹੇ 'ਚ ਸਰਕਾਰ ਵੱਲੋਂ ਆਵਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਅਤੇ ਉਨ੍ਹਾਂ ਦਾ ਪ੍ਰਬੰਧ ਨਾ ਕੀਤੇ ਜਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਜ਼ਿਲ੍ਹੇ ਦੇ ਮਿੰਨੀ ਸਕੱਤਰੇਤ ਬਾਹਰ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਧਰਨੇ 'ਚ 5 ਦਿਨ ਪਹਿਲਾਂ ਆਵਾਰਾ ਪਸ਼ੂ ਸਾਨ੍ਹ ਦਾ ਸ਼ਿਕਾਰ ਹੋਏ ਮ੍ਰਿਤਕ ਅੰਕੁਰ ਦੇ ਪਿਤਾ ਪ੍ਰਭਾਤ ਸੂਦ ਵੀ ਸ਼ਾਮਲ ਹੋਏ।
ਆਪ ਆਗੂ ਜਸਪਾਲ ਚੇਚੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਧਰਨਾ ਸਰਕਾਰ ਵੱਲੋਂ ਆਵਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਨਾ ਕਰਨ ਕਾਰਨ ਲਾਇਆ ਗਿਆ ਹੈ। ਜਸਪਾਲ ਨੇ ਕਿਹਾ ਕਿ ਸਰਕਾਰ ਆਵਾਰਾ ਪਸ਼ੂਆਂ ਅਤੇ ਗਾਵਾਂ ਦੇ ਨਾਂ 'ਤੇ ਗਊ ਸੈਸ ਵਸੂਲ ਮੋਟਾ ਪੈਸਾ ਵਸੂਲਦੀ ਹੈ ਪਰ ਜਦੋਂ ਇਨ੍ਹਾਂ ਜਾਨਵਰਾਂ ਦੀ ਸਾਂਭ ਸੰਭਾਲ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਆਪਣੇ ਪੈਰ ਪਿੱਛੇ ਖਿੱਚਦੀ ਹੈ।
ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਦਾ ਸ਼ਿਕਾਰ ਆਮ ਵਿਅਕਤੀ ਨੂੰ ਹੋਣਾ ਪੈਂਦਾ ਹੈ। ਉਨ੍ਹਾਂ ਮੀਡੀਆ ਨੂੰ ਮ੍ਰਿਤਕ ਅੰਕੁਰ ਦਾ ਹਵਾਲਾ ਦਿੰਦਿਆਂ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਨੂੰ 15 ਤੋਂ 20 ਲੱਖ ਰੁਪਏ ਦਾ ਮੁਆਵਜ਼ਾ ਅਤੇ ਬੱਚਿਆਂ ਦੀ ਪੜ੍ਹਾਈ ਮੁਫ਼ਤ ਕਰਨ ਦੀ ਮੰਗ ਕੀਤੀ ਹੈ।
ਆਪ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਵੀ ਦਿੱਤਾ ਹੈ ਅਤੇ ਕਿਹਾ ਹੈ ਕਿ ਜੇਕਰ ਸਰਕਾਰ ਨੇ 15 ਦਿਨਾਂ ਅੰਦਰ ਆਵਾਰਾ ਪਸ਼ੂਆਂ ਸੰਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਸੂਬਾ ਪੱਧਰ 'ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਪੰਜਾਬ ਦੀ ਗੰਭੀਰ ਸਮੱਸਿਆ ਹੈ ਅਤੇ ਜਿਸ ਦਾ ਸ਼ਿਕਾਰ ਆਮ ਲੋਕਾਂ ਨੂੰ ਹੋਣਾ ਪੈਂਦਾ ਹੈ। ਸਰਕਾਰ ਨੂੰ ਇਸ ਮਾਮਲੇ 'ਤੇ ਬਹੁਤ ਵਾਰ ਕਦਮ ਚੁੱਕਣ ਦੀ ਅਪੀਲ ਵੀ ਕੀਤੀ ਜਾ ਚੁੱਕੀ ਹੈ ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ। ਲੋੜ ਹੈ ਸਰਕਾਰ ਲੋਕਾਂ ਦੀ ਮੁਸ਼ਕਲ ਸਮਝੇ ਅਤੇ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਕੋਈ ਪੱਕਾ ਹੱਲ ਕਰੇ।