ਹੁਸ਼ਿਆਰਪੁਰ: ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਸਾਨਾਂ ਨਾਲ ਮਿਲ ਕੇ ਕੇਂਦਰ ਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਹ ਰੋਸ ਪ੍ਰਦਰਸ਼ਨ ਆਪ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਮਾਰੂ ਆਰਡੀਨੈਂਸਾਂ ਵਿਰੁੱਧ ਕੀਤਾ ਗਿਆ। ਕਿਸਾਨਾਂ ਨੇ ਇਹ ਪ੍ਰਦਰਸ਼ਨ ਟਰੈਟਕਰ ਉੱਤੇ ਕਾਲੀਆਂ ਝੰਡੀਆਂ ਲਾ ਕੇ ਕੀਤਾ।
ਆਪ ਆਗੂ ਜਸਪਾਲ ਸਿੰਘ ਚੇਚੀ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਵੱਲੋਂ ਜਿਹੜੇ ਤਿੰਨ ਆਰਡੀਨੈਂਸਾਂ ਨੂੰ ਜਾਰੀ ਕੀਤਾ ਗਿਆ ਹੈ। ਇਹ ਕਿਸਾਨ ਵਿਰੋਧੀ ਆਰਡੀਨੈਂਸ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਿਸਾਨ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ ਤੇ ਹੁਣ ਕੇਂਦਰ ਸਰਕਾਰ ਆਰਡੀਨੈਂਸਾਂ ਨੂੰ ਜਾਰੀ ਕਰਕੇ ਕਿਸਾਨਾਂ ਉੱਤੇ ਵਾਧੂ ਦਾ ਬੋਝ ਪਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਨਾਲ ਕਿਸਾਨਾਂ ਦੀ ਹਾਲਾਤ ਹੋਰ ਵੀ ਮਾੜੀ ਹੋ ਜਾਵੇਗੀ। ਉਨ੍ਹਾਂ ਨੇ ਕੇਂਦਰ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਜਾਰੀ ਆਰਡੀਨੈਂਸ ਨੂੰ ਵਾਪਸ ਲੈਣ।
ਇਸ ਦੇ ਨਾਲ ਹੀ ਉਨ੍ਹਾਂ ਸੂਬਾ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਨਹੀਂ ਹਨ ਉਹ ਪੂਰੇ ਸੂਬੇ ਦੇ ਮੁੱਖ ਮੰਤਰੀ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਕੋਰੋਨਾ ਮਹਾਂਮਾਰੀ ਵਿੱਚ ਗਰੀਬਾਂ ਨੂੰ ਰਾਸ਼ਨ ਵੰਡਣ ਦੀ ਵਾਰੀ ਸੀ ਉਦੋਂ ਕੈਪਟਨ ਸਰਕਾਰ ਨੇ ਸਾਰੇ ਕਾਂਗਰਸੀਆਂ ਨੂੰ ਰਾਸ਼ਨ ਵੰਡ ਦਿੱਤਾ ਆਮ ਲੋਕਾਂ ਨੂੰ ਕੋਈ ਰਾਸ਼ਨ ਨਹੀਂ ਦਿੱਤਾ ਜੋ ਕਿ ਬਹੁਤ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਇਸ ਕੋਵਿਡ-19 ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦੀ ਸਰਕਾਰ ਨੇ ਉਨ੍ਹਾਂ ਦੀ ਇਹ ਮੰਗ ਨਹੀਂ ਮੰਨੀ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰ ਦੇਣਗੇ।
ਇਹ ਵੀ ਪੜ੍ਹੋ: ਗ਼ਲਤ ਗੁਰਬਾਣੀ ਛਾਪਣ ਵਾਲੇ ਜੀਵਨ ਸਿੰਘ ਤੇ ਚਤਰ ਸਿੰਘ ਦੇ ਵਿਰੁੱਧ ਹੋਵੇ ਕਾਰਵਾਈ: ਛਾਜਲੀ