ਹੁਸ਼ਿਆਰਪੁਰ: ਦਸੂਹਾ ਵਿੱਚ ਹਥਿਆਰਾਂ ਦੀ ਨੋਕ ਉੱਤੇ ਲੁੱਟ ਖੋਹ ਦੀਆਂ ਵਾਰਦਾਤਾਂ ਆਏ ਦਿਨ ਹੋ ਰਹੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਮੁੜ ਤੋਂ ਦਸੂਹਾ ਵਿੱਚ ਵੇਖਣ ਨੂੰ ਮਿਲੀ ਜਦੋਂ ਤਿੰਨ ਹਥਿਆਰ ਬੰਦ ਲੁਟੇਰਿਆਂ ਨੇ ਗੰਨ ਪੁਆਇੰਟ ਉੱਤੇ ਸ਼ਰਾਬ ਦਾ ਠੇਕਾ ਲੁੱਟਣ ਦੀ ਕੋਸ਼ਿਸ਼ ਕੀਤੀ। ਸ਼ਰਾਬ ਠੇਕੇ ਦੇ ਕਰਿੰਦੇ ਨੇ ਇਸ ਲੁੱਟ ਖੋਹ ਨੂੰ ਆਪਣੀ ਮੁਸਤੈਦੀ ਨਾਲ ਨਾਕਾਮ ਕੀਤਾ। ਇਹ ਸਾਰਾ ਮਾਮਲਾ ਦਸੂਹਾ ਦੇ ਪਿੰਡ ਉੰਚੀ ਬਸੀ ਸ਼ਰਾਬ ਠੇਕੇ ਉੱਤੇ ਹੋਇਆ।
ਸੀਸੀਟੀਵੀ ਵੀਡੀਓ: ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਤਿੰਨ ਲੁਟੇਰੇ ਸ਼ਰਾਬ ਦੇ ਠੇਕੇ ਉੱਤੇ ਆਉਂਦੇ ਹਨ ਜਿਨ੍ਹਾਂ ਵਿੱਚੋਂ ਦੋ ਲੁਟੇਰਿਆਂ ਦੇ ਹੱਥ ਵਿਚ ਰਿਵਾਲਰ ਅਤੇ ਤੀਸਰੇ ਦੇ ਹੱਥ ਵਿਚ ਦਾਤਰ ਸੀ। ਆਉਂਦਿਆਂਆਂ ਹੀ ਲੁਟੇਰੇਆਂ ਨੇ ਕਰਿੰਦੇ ਦੇ ਸਿਰ ਉਤੇ ਰਿਵਾਲਵਰ ਤਾਣ ਦਿੱਤੀ। ਇਸ ਦੌਰਾਨ ਠੇਕੇ ਦਾ ਕਰਿੰਦਾ ਘਬਰਾ ਗਿਆ ਅਤੇ ਪਿੱਛੇ ਨੂੰ ਹਟਦੇ ਸਮੇਂ ਲੁਟੇਰੇਆਂ ਦੇ ਹੱਥ ਵਿਚ ਉਸਦੀ ਕਮੀਜ਼ ਆ ਗਈ। ਕਰਿੰਦੇ ਨੇ ਆਪਣੀ ਕਮੀਜ਼ ਉਤਾਰ ਕੇ ਠੇਕੇ ਅੰਦਰ ਪਿਛਲੇ ਕਮਰੇ ਵਿਚ ਦੋੜਕੇ ਆਪਣੀ ਜਾਨ ਬਚਾਈ ਅਤੇ ਠੇਕੇ ਉੱਤੇ ਲੱਗਿਆ ਹੂਟਰ ਵਜਾ ਦਿਤਾ। ਹੂਟਰ ਦੀ ਤੇਜ਼ ਆਵਾਜ਼ ਸੁਣਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਠੇਕੇ ਉੱਤੇ ਲਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਪੁਲਿਸ ਨੇ ਕਾਰਵਾਈ ਦਾ ਦਿੱਤਾ ਭਰੋਸਾ: ਇਸ ਸੰਬੰਧੀ ਜਦੋਂ ਥਾਣਾ ਮੁਖੀ ਦਸੂਹਾ ਵਿਕਰਮਜੀਤ ਸਿੰਘ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਵਾਰਦਾਤ ਦੀ ਜਾਣਕਾਰੀ ਮੈਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਸੀ। ਜਾਂਚ ਕਰਨ ਤੋਂ ਬਾਅਦ ਤਿੰਨ ਅਣਪਛਾਤੇ ਲੁਟੇਰੇਆਂ ਉੱਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਇਸ ਸਬੰਧੀ ਜਦੋਂ ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ਵਿੱਚ ਵਾਰ-ਵਾਰ ਹੋ ਰਹੀਆਂ ਲੁੱਟਾਂ ਬਾਰੇ ਜਦੋਂ ਥਾਣਾ ਮੁਖੀ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਕੁੱਝ ਅਜਿਹੀਆਂ ਘਟਨਾਵਾਂ ਜ਼ਰੂਰ ਹੋਈਆਂ ਨੇ ਪਰ ਪੂਰੇ ਇਲਾਕੇ ਅੰਦਰ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰੂੀ ਹੋਇਆ ਤਾਂ ਪੁਲਿਸ ਦੀਆਂ ਟੀਮਾਂ ਵਧਾ ਕੇ ਇਲਾਕੇ ਵਿੱਚ ਨਜ਼ਰ ਰੱਖਣ ਦੀ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪੁਲਿਸ ਵਚਨਬੱਧ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਠੇਕੇ ਦੇ ਕਰਿੰਦੇ ਨੇ ਸਮਝਦਾਰੀ ਦਾ ਸਬੂਤ ਦਿੰਦਿਆਂ ਲੁੱਟ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਉਨ੍ਹਾਂ ਕਿਹਾ ਪੂਰੇ ਇਲਾਕੇ ਦੇ ਪੁਲਿਸ ਵੱਲੋਂ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਅਤੇ ਬਹੁਤ ਜਲਦ ਅਣਪਛਾਤੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਾਣਗੇ। ਦੱਸ ਦਈਏ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਅਤੇ ਪਿਛਲੇ ਦਿਨੀਂ ਚੋਰਾਂ ਨੇ ਇੱਕ ਦੁਕਾਨ ਅੰਦਰ ਸੰਨ੍ਹਮਾਰੀ ਕਰਕੇ ਵੀ ਸਮਾਨ ਚੋਰੀ ਕੀਤਾ ਸੀ।
ਇਹ ਵੀ ਪੜ੍ਹੋ: Weather update Punjab: ਤੇਜ਼ ਹਵਾਵਾਂ ਦੇ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕਿਸਾਨਾਂ ਨੂੰ ਦਿੱਤੀ ਖ਼ਾਸ ਸਲਾਹ