ਗੁਰਦਾਸਪੁਰ: ਜ਼ਿਲ੍ਹੇ ਦੇ ਹਨੂੰਮਾਨ ਚੌਂਕ ਸਥਿਤ ਰੈਸਟੋਰੈਂਟ ਦੇ ਬਾਹਰੋਂ ਇੱਕ ਨੌਜਵਾਨ ਉੱਪਰ ਮੋਟਰਸਾਇਕਲ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨ। ਜਾਣਕਾਰੀ ਅਨੁਸਾਰ ਨੌਜਵਾਨ ਰੈਸਟੋਰੈਂਟ ਦੇ ਬਾਹਰੋਂ ਮੋਟਰਸਾਇਕਲ ਚੋਰੀ ਕਰਕੇ ਫਰਾਰ ਹੋਇਆ ਅਤੇ ਜਿਸਦਾ ਲੋਕਾਂ ਵੱਲੋਂ ਪਿੱਛਾ ਕੀਤੇ ਜਾਣ ਕਾਰਨ ਉਕਤ ਨੌਜਵਾਨ ਬੱਬਰੀ ਬਾਈਪਾਸ ਚੌਂਕ ਵਿੱਚ ਇੱਕ ਟਰੱਕ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।ਘਟਨਾ ਸਥਾਨ ਉੱਪਰ ਇਕੱਠੇ ਹੋਏ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ਉੱਪਰ ਪਹੁੰਚ ਕੇ ਉਸਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਪ੍ਰਦੀਪ ਕੁਮਾਰ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਹਨੂੰਮਾਨ ਚੌਂਕ ਨੇੜੇ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਹੈ ਅਤੇ ਉਸ ਨੇ ਆਪਣਾ ਪਲਾਟੀਨਾ ਮੋਟਰਸਾਈਕਲ ਰੈਸਟੋਰੈਂਟ ਦੇ ਬਾਹਰ ਖੜਾ ਕੀਤਾ ਹੋਇਆ ਸੀ। ਇਸ ਦੌਰਾਨ ਇਕ ਨੌਜਵਾਨ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ।
ਪ੍ਰਦੀਪ ਅਤੇ ਹੋਰ ਨੌਜਵਾਨਾਂ ਨੇ ਫਰਾਰ ਹੋਏ ਉਕਤ ਨੌਜਵਾਨ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਨੌਜਵਾਨ ਬਟਾਲਾ ਰੋਡ ਵੱਲ ਨੂੰ ਭੱਜ ਗਿਆ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਮਗਰ ਲੋਕ ਪਏ ਹੋਏ ਹਨ ਤਾਂ ਉਹ ਬੱਬਰੀ ਬਾਈਪਾਸ ਚੌਂਕ ਵਿਚ ਸੜਕ ਪਾਰ ਕਰਨ ਮੌਕੇ ਇੱਕ ਟਰੱਕ ਵਿਚ ਜਾ ਟਕਰਾਇਆ। ਇਸ ਕਾਰਨ ਉਕਤ ਨੌਜਵਾਨ ਜ਼ਖ਼ਮੀ ਹੋ ਗਿਆ ਅਤੇ ਪਿਛੇ ਆ ਰਹੇ ਨੌਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ।
ਇਸ ਦੌਰਾਨ ਥਾਣਾ ਮੁਖੀ ਅਮਨਦੀਪ ਸਿੰਘ ਵੀ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ ਜਿੰਨਾਂ ਨੇ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਥਾਣਾ ਮੁਖੀ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁੱਟੇਜ ਅਤੇ ਹੋਰ ਸਬੂਤਾਂ ਦੇ ਅਧਾਰ 'ਤੇ ਪਤਾ ਲਗਾਇਆ ਜਾਵੇਗਾ ਕਿ ਮਾਮਲੇ ਦੀ ਸੱਚਾਈ ਕੀ ਹੈ। ਉਨਾਂ ਕਿਹਾ ਕਿ ਫਿਲਹਾਲ ਆਵਾਜਾਈ ਬਹਾਲ ਕਰਵਾ ਦਿੱਤੀ ਗਈ ਹੈ ਤੇ ਨੌਜਵਾਨ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: 2 ਪਰਵਾਸੀ ਮਹਿਲਾਵਾਂ ਵੱਲੋਂ ਘਰ ’ਚੋਂ ਲੱਖਾਂ ਦਾ ਸੋਨਾ ਚੋਰੀ, CCTV ਆਈ ਸਾਹਮਣੇ