ਗੁਰਦਾਸਪੁਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿਦਿਆਰਥੀਆਂ ਦਾ ਪਾਸ ਪ੍ਰਤੀਸ਼ਤ 96.91 ਫੀਸਦ ਰਿਹਾ। ਇਸ ਪਾਸ ਫੀਸਦ ਨਾਲ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਦੇ ਸਾਰੇ ਜ਼ਿਲ੍ਹਿਆ ਵਿੱਚੋਂ ਅੱਵਲ ਰਿਹਾ। ਜਾਣਕਾਰੀ ਸਾਂਝਿਆਂ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਜ਼ਿਲ੍ਹਾ ਦੇ 22439 ਵਿਦਿਆਰਥੀ ਅਪੀਅਰ ਹੋਏ ਸਨ , ਜਿਨ੍ਹਾਂ ਵਿੱਚੋਂ 21746 ਵਿਦਿਆਰਥੀ ਪਾਸ ਹੋਏ ਹਨ ਅਤੇ ਇਹ ਪਾਸ ਪ੍ਰਤੀਸ਼ਤਾ 96.91 ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਭ ਤੋ ਵੱਧ ਪਾਸ ਪ੍ਰਤੀਸ਼ਤਾ ਹੋਣ ਕਰਕੇ ਪੂਰੇ ਪੰਜਾਬ ਵਿੱਚੋਂ ਮੋਹਰਲਾ ਜ਼ਿਲ੍ਹਾ ਬਣਿਆ ਹੈ ਜੋ ਕਿ ਮਾਣ ਵਾਲੀ ਗੱਲ ਹੈ।
ਸਿੱਖਿਆ ਵਿੱਚ ਮੋਹਰੀ ਸੂਬਾ: ਇਸ ਦੌਰਾਨ ਉਨ੍ਹਾਂ ਅਧਿਆਪਕਾਂ , ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕਰਵਾਈ ਸਖ਼ਤ ਮਿਹਨਤ ਨਾਲ ਇਹ ਸਭ ਸੰਭਵ ਹੋਇਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਸਿੱਖਿਆ ਵਿੱਚ ਮੋਹਰੀ ਬਣਾਉਣ ਲਈ ਦਿਨ-ਰਾਤ ਅਣਥੱਕ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਨਾਲ-ਨਾਲ ਅਧਿਆਪਕਾਂ ਦੀ ਕਮੀ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਸੀ ਜਿਨ੍ਹਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਅਤੇ ਬਹੁਤ ਜਲਦ ਇਹ ਅਧਿਆਪਕ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਉਣਗੇ।
ਇਸ ਤਰ੍ਹਾਂ ਰਿਹਾ ਨਤੀਜਾ: ਦੱਸ ਦਈਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੀਤੇ ਦਿਨ ਬੁੱਧਵਾਰ ਨੂੰ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ । ਇਸ ਨਤੀਜੇ ਵਿੱਚ ਇਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ। ਮਾਨਸਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਸੁਜਾਨ ਕੌਰ 100 ਫੀਸਦੀ ਅੰਕ ਲੈ ਕੇ ਸਟੇਟ ਟਾਪਰ ਬਣੀ। ਵਿਦਿਆਰਥਣ ਸ਼੍ਰੇਆ ਸਿੰਗਲਾ ਨੇ 99.60 ਅੰਕ ਲੈ ਕੇ ਦੂਜਾ, ਜਦਕਿ ਨਵਪ੍ਰੀਤ ਕੌਰ 99.40 ਅੰਕ ਲੈ ਕੇ ਤੀਜੇ ਸਥਾਨ 'ਤੇ ਰਹੀ। ਪੰਜਾਬ ਦਾ ਸਮੁੱਚਾ ਨਤੀਜਾ 92.47 ਫੀਸਦੀ ਰਿਹਾ ਹੈ। ਨਤੀਜੇ ਅਨੁਸਾਰ 3,637 ਵਿਦਿਆਰਥੀ ਫੇਲ੍ਹ ਹੋਏ ਹਨ, ਜਦਕਿ 18569 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਮਿਲੀ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 95.47 ਹੈ, ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 90.14 ਹੈ। ਸਾਇੰਸ ਸਟਰੀਮ ਵਿੱਚ ਸਭ ਤੋਂ ਵੱਧ ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.68 ਰਹੀ। 12ਵੀਂ ਦੇ ਇਮਤਿਹਾਨ ਮਾਰਚ ਮਹੀਨੇ ਵਿੱਚ ਲਏ ਗਏ ਸਨ। ਇਸ ਸਾਲ 12 ਵੀਂ ਦੀ ਪ੍ਰੀਖਿਆ ਵਿੱਚ ਕਰੀਬ 3 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।