ਗੁਰਦਾਸਪੁਰ: 5 ਸਤੰਬਰ ਨੂੰ ਕੈਮਰੂਨ (Cameroon) ਦੇਸ਼ ਤੋਂ ਵਾਪਿਸ ਆਉਂਦੇ ਸਮੇਂ ਗ਼ੈਬਨ ਦੇਸ਼ ਦੀ ਬੰਦਰਗਾਹ 'ਤੇ ਇਕ ਸਮੁੰਦਰੀ ਜਹਾਜ਼ ਉਪਰ ਲੁਟੇਰਿਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਲਾਪਤਾ ਹੋਏ ਗੁਰਦਾਸਪੁਰ (Gurdaspur) ਦੇ ਪਿੰਡ ਚੌਂਤਾ ਦੇ 30 ਸਾਲਾਂ ਨੋਜਵਾਨ ਪੰਕਜ ਕੁਮਾਰ ਦੀ ਪਤਨੀ ਅਤੇ ਪਰਿਵਾਰਕ ਮੈਬਰਾਂ ਨੇ ਪਾਰਲੀਮੈਂਟ ਸੰਨੀ ਦਿਓਲ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦੇਸ਼ ਮੰਤਰਾਲੇ ਅਤੇ ਕੰਪਨੀ ਨਾਲ ਸੰਪਰਕ ਕਰ ਉਹਨਾਂ ਦੇ ਪੁੱਤਰ ਦੀ ਭਾਲ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਸਮੁੰਦਰੀ ਲੁਟੇਰਿਆਂ ਵੱਲੋਂ ਸਮੁੰਦਰੀ ਜਹਾਜ਼ ਉਪਰ ਹਮਲਾ ਕਰ ਜਹਾਜ਼ 'ਤੇ ਸਵਾਰ ਨੇਵੀ ਦੇ ਦੋ ਅਧਿਕਾਰੀਆਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿਤਾ ਗਿਆ ਸੀ ਅਤੇ ਨੇਵੀ ਦੇ ਸੈਕੰਡ ਇੰਜੀਨੀਅਰ ਪੰਕਜ ਕੁਮਾਰ ਨੂੰ ਜਹਾਜ਼ ਤੋਂ ਹੇਠਾਂ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਸੀ। ਜਿਸਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ ਹੈ।
ਇੰਜਨੀਅਰ ਪੰਕਜ ਕੁਮਾਰ ਦੀ ਪਤਨੀ ਨੇਤਾਲੀ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਹੀ ਉਸਦਾ ਵਿਆਹ ਪੰਕਜ ਕੁਮਾਰ ਦੇ ਨਾਲ ਹੋਇਆ ਸੀ ਅਤੇ 29 ਜਨਵਰੀ ਨੂੰ ਉਸਦਾ ਪਤੀ ਪ੍ਰੋਐਕਟਿਵ ਸ਼ਿਪਿੰਗ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਉਨ੍ਹਾਂ ਦੀ ਟੀਮ ਨੂੰ ਮੁੰਬਈ ਤੋਂ ਕੈਮਰੂਨ ਦੇਸ਼ ਇੱਕ ਸ਼ਿੱਪ ਲੈਣ ਦੇ ਲਈ ਭੇਜਿਆ ਗਿਆ ਅਤੇ ਜਦੋਂ 5 ਸਤੰਬਰ ਨੂੰ ਉਹ ਸ਼ਿਪ ਲੈ ਕੇ ਵਾਪਿਸ ਆ ਰਹੇ ਸਨ ਤਾਂ ਦੇਰ ਰਾਤ ਉਨ੍ਹਾਂ ਦਾ ਸ਼ਿਪ ਖ਼ਰਾਬ ਹੋ ਗਿਆ ਅਤੇ ਕੰਪਨੀ ਵੱਲੋਂ ਉਨ੍ਹਾਂ ਨੂੰ ਗ਼ੈਬਨ ਦੇਸ਼ ਦੀ ਬੰਦਰਗਾਹ ਤੇ ਰੁਕਣ ਦੇ ਲਈ ਕਿਹਾ ਗਿਆ ਸੀ।
ਉਨ੍ਹਾਂ ਦੱਸਿਆ ਹੈ ਕਿ ਰਾਤ ਸਮੇਂ ਜਦੋਂ ਉਹ ਬੰਦਰਗਾਹ ਤੇ ਰੁਕੇ ਹੋਏ ਸਨ ਤਾਂ ਸਮੁੰਦਰੀ ਲੁਟੇਰਿਆਂ ਵੱਲੋਂ ਸ਼ਿਪ ਉਤੇ ਹਮਲਾ ਕਰ ਦਿੱਤਾ ਗਿਆ ਅਤੇ ਲੁਟੇਰਿਆਂ ਨੇ ਸ਼ਿਪ 'ਤੇ ਸਵਾਰ ਨੇਵੀ ਦੇ ਦੋ ਅਧਿਕਾਰੀਆਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿਤਾ ਗਿਆ।ਉਨ੍ਹਾਂ ਨੇ ਕਿਹਾ ਹੈ ਕਿ ਪੰਕਜ ਕੁਮਾਰ ਨੂੰ ਸ਼ਿਪ ਤੋਂ ਹੇਠਾਂ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਅਤੇ ਸ਼ਿਪ ਨੂੰ ਲੁੱਟ ਕੇੇ ਫ਼ਰਾਰ ਹੋ ਗਏ।ਉਨ੍ਹਾਂ ਨੇ ਦੱਸਿਆ ਹੈ ਕਿ 5 ਦਿਨ ਬੀਤ ਜਾਣ ਤੋਂ ਬਾਅਦ ਵੀ ਪੰਕਜ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ।ਨੇਤਾਲੀ ਨੇ ਮੰਗ ਕੀਤੀ ਹੈ ਕਿ ਪੰਕਜ ਕੁਮਾਰ ਦੀ ਭਾਲ ਕੀਤੀ ਜਾਵੇ।