ਗੁਰਦਾਸਪੁਰ: ਚੋਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹੋ ਚੁੱਕੇ ਹਨ। ਜਿਸ ਦੀ ਤਾਜ਼ਾ ਉਦਾਹਰਨ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਨਜ਼ਦੀਕ ਬਟਾਲਾ ਵਿਖੇ ਦੇਖਣ ਨੂੰ ਮਿਲੀ। ਜਿਥੇ ਨਿੱਜੀ ਬੈਂਕ 'ਚ ਤਲਵੰਡੀ ਬਰਾਂਚ ਦੀ ਐਡਵਾਈਜ਼ਰ ਲੜਕੀ ਜੋ ਬੈਂਕ ਤੋਂ ਘਰ ਵਾਪਸ ਪਿੰਡ ਢਢਿਆਣਾ ਜਾ ਰਹੀ ਸੀ ਤਾਂ ਚੋਰਾਂ ਵਲੋਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਲੜਕੀ ਪੂਨਮ ਨੇ ਦੱਸਿਆ ਕਿ ਜਦੋਂ ਉਹ ਆਪਣੀ ਸਕੂਟਰੀ ਤੇ ਘਰ ਵਾਪਸ ਆ ਰਹੀ ਸੀ ਤਾਂ ਘਸੀਟਪੁਰ ਫਾਟਕ ਨਜ਼ਦੀਕ ਮੋਟਰਸਾਈਕਲ 'ਤੇ ਆ ਰਹੇ ਤਿੰਨ ਲੁਟੇਰਿਆਂ ਨੇ ਲੱਤ ਮਾਰ ਕੇ ਲੜਕੀ ਨੂੰ ਸੁੱਟ ਦਿੱਤਾ ਅਤੇ ਫਿਰ ਪਿਸਤੌਲ ਦਿਖਾ ਕੇ ਉਸ ਤੋਂ ਸਕੂਟਰੀ, ਮੋਬਾਈਲ, ਲੈਪਟਾਪ ਅਤੇ 45 ਹਜ਼ਾਰ ਰੁਪਏ ਨਗਦੀ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਰੌਲਾ ਪਾਉਣ 'ਤੇ ਮੌਕੇ 'ਤੇ ਪਹੁੰਚੇ ਕੁਝ ਲੋਕਾਂ ਨੇ ਹਿੰਮਤ ਕਰ ਕੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਲੁਟੇਰਿਆਂ ਨੇ ਸਕੂਟਰੀ ਤਾਂ ਸੁੱਟ ਦਿੱਤੀ ਪਰ ਬਾਕੀ ਸਮਾਨ ਲੈ ਕੇ ਭੱਜਣ 'ਚ ਕਾਮਯਾਬ ਹੋ ਗਏ।
ਚੋਰੀ ਦੀ ਘਟਨਾ ਸੀ.ਸੀ.ਟੀ.ਵੀ ਫੁਟੇਜ਼ ਵੀ ਸਾਹਮਣੇ ਆਈ ਹੈ, ਜਿਸ 'ਚ ਲੁਟੇਰੇ ਸਕੂਟੀ ਲੈ ਕੇ ਦੌੜਦੇ ਦਿਖਾਈ ਦੇ ਰਹੇ ਹਨ। ਉਥੇ ਹੀ ਪੁਲਿਸ ਇਸ ਮਾਮਲੇ 'ਚ ਕੇਸ ਦਰਜ਼ ਕਰ ਅਗਲੀ ਕਾਰਵਾਈ ਕਰ ਰਹੀ ਹੈ।
ਇਸ ਸਬੰਧੀ ਪੁਲਿਸ ਦੇ ਜਾਂਚ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਹਨਾਂ ਵਲੋਂ ਇਸ ਵਾਰਦਾਤ ਨੂੰ ਲੈਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।