ਗੁਰਦਾਸਪੁਰ : ਲੋਕ ਸਭਾ ਚੋਣਾਂ ਲਈ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਸੰਨੀ ਦਿਓਲ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਨਾਮਜ਼ਦਗੀ ਪੱਤਰ ਵਿੱਚ ਉਨ੍ਹਾਂ ਨੇ ਆਪਣੀ ਜਾਇਦਾਦ ਅਤੇ ਆਮਦਨ ਦਾ ਵੇਰਵਾ ਵੀ ਦਿੱਤਾ, ਪਰ ਵੇਰਵੇ ਨੂੰ ਲੈ ਕੇ ਇੱਕ ਅਨੋਖੀ ਅਤੇ ਦਿਲਚਸਪੀ ਵਾਲੀ ਗੱਲ ਦੇਖਣ ਨੂੰ ਮਿਲੀ ਹੈ। ਉਹ ਇਹ ਹੈ ਕਿ ਸੰਨੀ ਦਿਓਲ ਨੇ ਚੋਣ ਕਮਿਸ਼ਨਰ ਨੂੰ ਦਿੱਤੇ ਆਪਣੇ ਹਲਫ਼ਨਾਮੇ ਵਿੱਚ ਆਪਣੀ ਅਤੇ ਵਹੁਟੀ ਦੀ ਕੁੱਲ 87 ਕਰੋੜ ਦੀ ਜਾਇਦਾਦ ਹੀ ਦਰਸਾਈ ਹੈ, ਜਦਕਿ 53 ਕਰੋੜ ਦਾ ਉਨ੍ਹਾਂ ਤੇ ਕਰਜ਼ ਹੈ।
ਤੁਹਾਨੂੰ ਦੱਸ ਦਈਏ ਕਿ ਸੰਨੀ ਦਿਓਲ ਦਾ ਅਸਲ ਨਾਂ ਅਜੈ ਸਿੰਘ ਧਰਮਿੰਦਰ ਦਿਓਲ ਹੈ। ਸੰਨੀ ਅਤੇ ਉਨ੍ਹਾਂ ਦੀ ਵਹੁਟੀ ਕੋਲ 87 ਕਰੋੜ ਦੀ ਸੰਪਤੀ ਹੈ, ਪਰ 53 ਕਰੋੜ ਦੇ ਉਹ ਕਰਜ਼ਾਈ ਵੀ ਹਨ, 51 ਕਰੋੜ ਉਨ੍ਹਾਂ ਨੇ ਬੈਂਕਾਂ ਤੋਂ ਲਿਆ ਹੋਇਆ ਹੈ। ਇਸ ਤੋਂ ਇਲਾਵਾ 1 ਕਰੋੜ ਤੋਂ ਵੱਧ ਦੇ ਜੀਐੱਸਟੀ ਦੇ ਉਹ ਦੇਣਦਾਰ ਵੀ ਹਨ।
ਹਲਫ਼ਨਾਮੇ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਦਿਓਲ ਕੋਨ 60 ਕਰੋੜ ਦੀ ਚੱਲ ਜਾਇਦਾਦ ਅਤੇ ਉਨ੍ਹਾਂ ਦੀ ਘਰਵਾਲੀ ਕੋਲ 6 ਕਰੋੜ ਦੀ ਚੱਲ ਸੰਪਤੀ ਹੈ। ਉਨ੍ਹਾਂ ਕੋਲ 26 ਲੱਖ ਨਕਦ ਅਤੇ ਪਤਨੀ ਕੋਲ 16 ਲੱਖ ਰੁਪਏ ਦੀ ਨਕਦੀ ਹੈ।
ਸੰਨੀ ਦੇ ਬੈਂਕ ਖ਼ਾਤੇ ਵਿੱਚ 9 ਲੱਖ ਰੁਪਏ ਅਤੇ ਘਰਵਾਲੀ ਦੇ ਬੈਂਕ ਖ਼ਾਤੇ ਵਿੱਚ 19 ਲੱਖ ਰੁਪਏ ਜਮ੍ਹਾ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ 21 ਕਰੋੜ ਰੁਪਏ ਦੀ ਅਚੱਲ ਸੰਪਤੀ ਹੈ, ਪਰ ਉਨ੍ਹਾਂ ਦੀ ਪਤਨੀ ਇਸ ਮਾਮਲੇ ਵਿੱਚ ਖ਼ਾਲੀ ਹੈ।