ਗੁਰਦਾਸਪੁਰ: ਅਦਾਕਾਰ ਅਤੇ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਸੰਨੀ ਦਿਓਲ ਨੇ ਰਾਜਨੀਤੀ ਛੱਡ ਕੇ ਫਿਲਮੀ ਅਦਾਕਾਰ ਵਜੋਂ ਕੰਮ ਕਰਨ ਦਾ ਮਨ ਬਣਾ ਲਿਆ ਹੈ। ਜਿਸ 'ਚ ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਐਲਾਨ ਕੀਤਾ ਹੈ ਕਿ ਉਹ 2024 ਦੀਆਂ ਚੋਣਾਂ ਨਹੀਂ ਲੜਨਗੇ। ਜਿਸ ਦੇ ਚੱਲਦੇ ਗੁਰਦਾਸਪੁਰ ਦੇ ਨੌਜਵਾਨਾਂ ਨੇ ਸੰਨੀ ਦਿਓਲ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਸੰਨੀ ਦਿਓਲ ਦੇ ਐਲਾਨ ਦਾ ਕੀਤਾ ਸਵਾਗਤ: ਇਸ ਸਬੰਧੀ ਨੌਜਵਾਨਾਂ ਦਾ ਕਹਿਣਾ ਕਿ ਸੰਨੀ ਦਿਓਲ ਨੇ ਚਾਰ ਸਾਲ ਗੁਰਦਾਸਪੁਰ ਦੇ ਲੋਕਾਂ ਨੂੰ ਮੂਰਖ ਬਣਾਇਆ ਹੈ ਤੇ ਹੁਣ ਸਿਆਸਤ ਵਿੱਚ ਨਾ ਆਉਣ ਦਾ ਉਨ੍ਹਾਂ ਨੇ ਵਧੀਆ ਫੈਸਲਾ ਕੀਤਾ ਹੈ ਕਿਉਂਕਿ ਜੇ ਉਹ ਗੁਰਦਾਸਪੁਰ ਆਉਂਦੇ ਤਾਂ ਉਨ੍ਹਾਂ ਨੂੰ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਸੀ। ਇਸ ਦੇ ਨਾਲ ਹੀ ਨੌਜਵਾਨਾਂ ਨੇ ਸੰਨੀ ਦਿਓਲ ਨੂੰ ਕਿਹਾ ਕਿ ਉਹ ਅਦਾਕਾਰੀ ਚੰਗੀ ਕਰਦੇ ਹਨ ਅਤੇ ਉਹ ਆਪਣੇ ਉਸ ਕਿੱਤੇ 'ਚ ਹੀ ਕੰਮ ਕਰਨ।
'ਵਿਨੋਦ ਖੰਨਾ ਦੀ ਤਰਾਂ ਪੂਰੀਆਂ ਨਾ ਕਰ ਸਕੇ ਉਮੀਦਾਂ': ਨੌਜਵਾਨਾਂ ਦਾ ਕਹਿਣਾ ਕਿ ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਜਦੋਂ ਆਪਣਾ ਸਿਆਸੀ ਕੈਰੀਅਰ ਸ਼ੁਰੂ ਕਰਦਿਆਂ 2019 ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉੱਤਰੇ ਸਨ ਤਾਂ ਲੋਕਾਂ ਨੇ ਉਨ੍ਹਾਂ ਵਿੱਚ ਅਸਲੀ ਹੀਰੋ ਦੇਖਿਆ ਸੀ। ਲੋਕਾਂ ਨੇ ਉਮੀਦ ਜਤਾਈ ਸੀ ਕਿ ਵਿਨੋਦ ਖੰਨਾ ਦੀ ਤਰ੍ਹਾਂ ਉਹ ਵੀ ਹਲਕੇ ਦੇ ਵਿਕਾਸ ਲਈ ਕੁਝ ਵੱਖਰਾ ਕਰ ਕੇ ਦਿਖਾਉਣਗੇ।
ਲੋਕਾਂ ਨੇ ਅੱਖਾਂ ਬੰਦ ਕੀਤਾ ਸੀ ਭਰੋਸਾ: ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਵੀ ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਇਸੇ ਕਾਰਨ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵੋਟਰਾਂ ਨੇ ਉਨ੍ਹਾਂ ਨੂੰ 84 ਹਜ਼ਾਰ ਦੀ ਭਾਰੀ ਲੀਡ ਨਾਲ ਜਿਤਾਇਆ ਸੀ ਪਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨਾ ਤਾਂ ਦੂਰ ਸੰਨੀ ਦਿਓਲ ਨੇ ਹਲਕੇ ਦੇ ਲੋਕਾਂ ਨੂੰ ਆਪਣੀ ਸ਼ਕਲ ਤੱਕ ਦਿਖਾਉਣਾ ਜਰੂਰੀ ਨਹੀਂ ਸਮਝਿਆ।
ਲੋਕਾਂ 'ਚ ਸਾਂਸਦ ਪ੍ਰਤੀ ਭਾਰੀ ਰੋਸ: ਨੌਜਵਾਨਾਂ ਦਾ ਕਹਿਣਾ ਕਿ ਸੰਨੀ ਦਿਓਲ ਲਗਭਗ 4 ਸਾਲਾਂ ਤੋਂ ਹਲਕੇ ਵਿੱਚ ਆਏ ਤੱਕ ਨਹੀਂ ਅਤੇ ਲੋਕ ਸਭਾ ਦੇ ਸੈਸ਼ਨ ਵਿੱਚ ਵੀ ਜਿਆਦਾਤਰ ਗੈਰ ਹਾਜ਼ਰ ਦਿਖਾਈ ਦਿੱਤੇ, ਜਦ ਕਿ ਲੋਕਾਂ ਨੂੰ ਉਮੀਦ ਸੀ ਕਿ ਉਹ ਹਲਕੇ ਦੀਆਂ ਸਮੱਸਿਆਵਾਂ ਸੈਸ਼ਨ ਵਿੱਚ ਚੁੱਕਣਗੇ। ਸੰਨੀ ਦਿਓਲ ਦੇ ਅਜਿਹੇ ਰਵੱਈਏ ਕਾਰਨ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਵਿਚ ਉਨ੍ਹਾਂ ਪ੍ਰਤੀ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ।
- ਚੋਣ ਲੜੀ, ਸਾਂਸਦ ਵੀ ਬਣੇ,..ਸਨੀ ਦਿਓਲ ਨੂੰ ਚਾਰ ਸਾਲ ਬਾਅਦ ਪਤਾ ਲੱਗਾ, ਉਹ ਰਾਜਨੀਤੀ ਦੇ ਕਾਬਲ ਨਹੀਂ!
- ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਵੱਡਾ ਬਿਆਨ, ਕਿਹਾ- ਅੱਜ ਤੱਕ ਦਾ ਸਭ ਤੋਂ ਜ਼ਾਲਮ ਮੁੱਖ ਮੰਤਰੀ ਭਗਵੰਤ ਮਾਨ !
- ਸਿਵਲ ਹਸਪਤਾਲ ਭਦੌੜ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਮਰੀਜ਼ ਸਹਿਮੇ
ਹਲਕੇ 'ਚ ਕਈ ਵਾਰ ਲੱਗੇ ਗੁਮਸ਼ੁਦਗੀ ਦੇ ਪੋਸਟਰ: ਦੱਸ ਦਈਏ ਕਿ ਗੁਰਦਾਸਪੁਰ ਦੇ ਇਕ ਨੌਜਵਾਨ ਅਮਰਜੋਤ ਸਿੰਘ ਅਤੇ ਕਿਸਾਨ ਆਗੂ ਇੰਦਰਪਾਲ ਸਿੰਘ ਬੈਂਸ ਨੇ ਸੰਨੀ ਦਿਓਲ ਦੇ ਖ਼ਿਲਾਫ ਮੋਰਚਾ ਖੋਲ੍ਹਿਆ ਸੀ ਅਤੇ ਕਈ ਵਾਰ ਸੰਨੀ ਦਿਓਲ ਦੀ ਗੁਮਸ਼ੁਦਗੀ ਦੇ ਪੋਸਟਰ ਸ਼ਹਿਰ ਅੰਦਰ ਲਗਾਏ ਸਨ ਅਤੇ ਸਾਂਸਦ ਸੰਨੀ ਦਿਓਲ ਕੋਲੋਂ ਉਨ੍ਹਾਂ ਦੇ ਸਰਕਾਰੀ ਨਿਵਾਸ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਵਾਪਸ ਲੈਣ ਦੇ ਨਾਲ-ਨਾਲ ਉਨ੍ਹਾਂ ਨੂੰ ਮਿਲਦੀ ਤਨਖਾਹ ਅਤੇ ਸਰਕਾਰੀ ਭੱਤੇ ਬੰਦ ਕਰਨ ਦੀ ਮੰਗ ਵੀ ਕੀਤੀ ਸੀ। ਆਖਰਕਾਰ ਅੱਜ ਸੰਨੀ ਦਿਓਲ ਨੇ ਸਿਆਸਤ ਤੋਂ ਕਿਨਾਰਾ ਕਰਨ ਲਈ ਬਿਆਨ ਦੇ ਦਿੱਤਾ ਹੈ ਤੇ ਇਸ ਬਿਆਨ ਦਾ ਗੁਰਦਾਸਪੁਰ ਦੇ ਲੋਕ ਨੇ ਸਵਾਗਤ ਕੀਤਾ ਹੈ।