ਬਟਾਲਾ: ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਵਲੋਂ ਬਟਾਲਾ ਦੇ ਮਾਤਾ ਸੁਲੱਖਨੀ ਜੀ ਸਰਕਾਰੀ ਹਸਪਤਾਲ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵਿਕਲਾਂਗਤਾ ਪ੍ਰਮਾਣ ਪੱਤਰ ਬਣਾਉਣ ਲਈ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਐੱਸ.ਐੱਮ.ਓ ਬਟਾਲਾ ਡਾ.ਸੰਜੀਵ ਭੱਲਾ ਨੇ ਦੱਸਿਆ ਕਿ ਇਹ ਕੈਂਪ ਦਾ ਆਯੋਜਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਇੱਕੋ ਥਾਂ ਸਹੂਲਤ ਦੇਣ ਲਈ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਕੈਂਪ ਰਾਹੀ ਵਿਸ਼ੇਸ਼ ਲੋੜਾਂ ਵਾਲਿਆ ਬੱਚਿਆਂ ਨੂੰ ਉਨ੍ਹਾਂ ਦੇ ਵਿਕਲਾਂਗਤਾ ਪ੍ਰਮਾਣ ਪੱਤਰ ਜਾਰੀ ਕੀਤੇ ਜਾਣਗੇ।
ਜਿਸ ਨਾਲ ਉਨ੍ਹਾਂ ਨੂੰ ਸਰਕਾਰੀ ਸਹੂਲਤਾ , ਸਰਕਾਰੀ ਸਕੀਮਾਂ ਆਦਿ ਦਾ ਲਾਭ ਮਿਲ ਸਕੇਗਾ।ਇਨ੍ਹਾਂ ਸਹੂਲਤਾਂ ਵਿੱਚ ਸਰਕਾਰ ਵਲੋਂ ਵਿਕਲਾਂਗ ਵਿਅਕਤੀਆਂ ਨੂੰ ਮਿਲਣ ਵਾਲਾ ਰਾਖਵਾਂਕਰਨ, ਮੁਫਤ ਸਫਰ, ਡਾਕਟਰੀ ਸਹੂਲਤ ਅਤੇ ਪੈਨਸ਼ਨ ਆਦਿ ਦੀ ਸਹੂਲਤਾਂ ਸ਼ਾਮਲ ਹਨ।
ਇਸ ਮੌਕੇ ਬੱਚਿਆਂ ਦੇ ਨਾਲ ਆਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਉਨ੍ਹਾਂ ਦੇ ਬੱਚਿਆਂ ਦੇ ਜੋ ਪ੍ਰਮਾਣ ਪੱਤਰ ਬਣਾਏ ਜਾਣਗੇ ਉਨ੍ਹਾਂ ਨਾਲ ਸਾਨੂੰ ਬਹੁਤ ਲਾਭ ਹੋਵੇਗਾ।
ਇਸੇ ਨਾਲ ਹੀ ਉਨ੍ਹਾਂ ਪ੍ਰਸ਼ਾਸਨ ਦੇ ਇਸ ਉਦਮ ਦੀ ਸਰਾਹਨਾ ਵੀ ਕੀਤੀ ।ਉਨ੍ਹਾਂ ਆਖਿਆ ਕਿ ਇੱਕ ਥਾਂ 'ਤੇ ਸਾਰੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਦੀ ਬਿਲਕੁਲ ਵੀ ਖੱਜਲ ਖੁਆਰੀ ਨਹੀਂ ਹੋਈ ।
ਇਸ ਮੌਕੇ ਡਾ. ਸੰਜੀਵ ਭੱਲਾ ਨੇ ਕਿਹਾ ਕਿ ਜੇਕਰ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਹੋਰ ਕੈਂਪਾਂ ਦਾ ਵੀ ਆਯੋਜਨ ਕੀਤਾ ਜਾਵੇਗਾ।