ਗੁਰਦਾਸਪੁਰ:ਪਿੰਡ ਜਫ਼ਰਵਾਲ ਵਿੱਚ ਇਕ ਕਲਯੁੱਗੀ ਪੁੱਤ (Son of Kalyugi) ਨੇ ਜ਼ਮੀਨ ਖੁੱਸਣ ਦੇ ਡਰ ਤੋਂ ਆਪਣੇ ਬਜ਼ੁਰਗ ਪਿਤਾ ਦਾ ਕਰੰਟ ਲੱਗਾ ਕੇ ਬੇਰਹਿਮੀ ਨਾਲ ਕਤਲ ਕੀਤਾ ਅਤੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਲਈ ਰਾਤ ਨੂੰ ਹੀ ਅੰਤਿਮ ਸੰਸਕਾਰ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬਜ਼ੁਰਗ ਤਰਸੇਮ ਸਿੰਘ ਦੇ ਵੱਡੇ ਪੁੱਤਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸਦੇ ਛੋਟੇ ਭਰਾ ਹਰਪਾਲ ਸਿੰਘ ਨੇ ਹੀ ਪਿਤਾ ਨੂੰ ਕਰੰਟ ਲੱਗਾ ਕੇ ਉਸਦਾ ਬੇਰਹਿਮੀ ਨਾਲ ਕਤਲ ਕੀਤਾ ਹੈ।ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਤਰਸੇਮ ਸਿੰਘ ਦੀ 12 ਏਕੜ ਦੇ ਕਰੀਬ ਜ਼ਮੀਨ (Land) ਸੀ। ਜੋ ਪਿਤਾ ਨੇ ਸਾਡੇ ਦੋਵਾਂ ਵਿੱਚ ਵੰਡ ਦਿੱਤੀ ਸੀ ਅਤੇ ਪਿਤਾ ਮੇਰੇ ਕੋਲ ਮੋਹਾਲੀ ਰਹਿੰਦਾ ਸੀ।ਪਿਛਲੇ ਕੁਝ ਦਿਨਾਂ ਤੋਂ ਉਹ ਪਿੰਡ ਛੋਟੇ ਭਰਾ ਕੋਲ ਆਇਆ ਸੀ ਅਤੇ ਛੋਟਾ ਭਰਾ ਉਸਨੂੰ ਰੋਟੀ ਨਹੀਂ ਦਿੰਦਾ ਸੀ ਅਤੇ ਪਿਤਾ ਨਾਲ ਲੜਾਈ ਝਗੜਾ ਕਰਦਾ ਸੀ।ਜਿਸ ਕਰਕੇ ਪਿਤਾ ਨੇ ਇਸ ਨੂੰ ਦਬਕਾ ਮਾਰਿਆ ਕਿ ਉਹ ਜ਼ਮੀਨ ਦੀ ਰਜਿਸਟਰੀ ਤੁੜਵਾ ਕੇ ਜ਼ਮੀਨ ਫਿਰ ਆਪਣੇ ਨਾਮ ਕਰਵਾ ਲਵੇਗਾ।ਜਿਸ ਕਰਕੇ ਜਮੀਨ ਖੁੱਸਣ ਦੇ ਡਰ ਤੋਂ ਉਸਨੇ ਪਿਤਾ ਨੂੰ ਰਾਤ ਨੂੰ ਸੁਤੇ ਪਏ ਕਰੰਟ ਲੱਗਾ ਦਿੱਤਾ ਅਤੇ 15 ਮਿੰਟ ਤੱਕ ਤੜਫ਼ਨ ਤੋਂ ਬਾਅਦ ਉਸਦੀ ਮੌਤ ਹੋ ਗਈ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਰਾਤ ਨੂੰ ਹੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਹੈ ਕਿ ਬਾਅਦ ਵਿੱਚ ਭਰਾ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਪਿਤਾ ਨੂੰ ਸੱਪ ਨੇ ਕੱਟ ਲਿਆ ਹੈ।ਇਸ ਲਈ ਉਸਦੀ ਮੌਤ ਹੋ ਗਈ ਹੈ।ਜਦ ਉਸ ਨੇ ਇਸਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੂੰ ਭਰਾ ਨੇ ਹੀ ਕਰੰਟ ਲਗਾ ਕੇ ਮਾਰਿਆ ਹੈ।ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਂਚ ਅਧਿਕਾਰੀ ਅਮਨਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪੁੱਤਰ ਨੇ ਆਪਣੇ ਪਿਤਾ ਦਾ ਜ਼ਮੀਨ ਨੂੰ ਲੈ ਕੇ ਕਤਲ ਕਰ ਦਿੱਤਾ ਹੈ ਅਤੇ ਵੱਡੇ ਭਰਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੇ ਭਰਾ ਨੇ ਪਿਤਾ ਦਾ ਕਤਲ ਕੀਤਾ ਹੈ। ਜਿਸ ਉਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:Jalandhar:ਲੈਬੋਰਟਰੀ ਦੇ ਮਾਲਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ