ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਆਪਣੇ ਭਰਾ ਤੋਂ ਦੁਖੀ ਹੋ ਕੇ ਭੈਣ ਨੇ ਆਪਣੀ 16 ਸਾਲ ਦੀ ਧੀ ਅਤੇ ਪਤੀ ਸਮੇਤ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮਰਨ ਤੋਂ ਪਹਿਲਾਂ ਪਰਿਵਾਰ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਜਿਸ ਵਿੱਚ ਉਹ ਇਨਸਾਫ ਦੀ ਮੰਗ ਕਰ ਰਹੇ ਹਨ।
ਮ੍ਰਿਤਕ ਪਰਿਵਾਰ ਦੇ ਪੁੱਤਰ ਨੇ ਕਿਹਾ ਕਿ ਉਨ੍ਹਾਂ ਦਾ ਆਪਣੇ ਮਾਮੇ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ, ਕੱਲ ਜਦੋਂ ਉਸ ਦੀ ਮਾਂ ਨੇ ਆਪਣੇ ਭਰਾ ਕੋਲੋਂ ਪੈਸਿਆਂ ਨੂੰ ਲੈ ਕੇ ਗੱਲ ਕੀਤੀ ਤਾਂ ਉਸ ਦੇ ਮਾਮੇ ਨੇ ਉਨ੍ਹਾਂ ਨੂੰ ਜ਼ਹਿਰੀਲੀ ਦਵਾਈ ਭੇਜ ਕੇ ਸੁਨੇਹਾ ਦਿੱਤਾ ਕਿ ਉਹ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲੈਣ, ਨਹੀ ਤਾਂ ਉਹ ਸਾਰੇ ਪਰਿਵਾਰ ਨੂੰ ਮਾਰ ਦੇਵੇਗਾ। ਇਸੇ ਦੇ ਚਲਦੇ ਦੇਰ ਰਾਤ ਨੂੰ ਤਿੰਨਾਂ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਉਸ ਦੇ ਮਾਮੇ ਅਤੇ ਉਸ ਦੇ ਸਾਥੀਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਨੂੰ ਲੈ ਕੇ ਐਸ.ਪੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਇਸ ਮਾਮਲੇ ਬਾਰੇ ਜਾਣਕਾਰੀ ਮਿਲੀ ਸੀ ਕਿ ਕਸਬਾ ਧਾਰੀਵਾਲ ਵਿੱਚ ਪਰਿਵਾਰ ਦੇ ਤਿੰਨ ਮੈਬਰਾਂ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਖੁਦਕੁਸ਼ੀ ਤੋਂ ਪਹਿਲਾ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਵੱਲੋਂ ਵੀਡੀਓ ਪਾਈ ਗਈ ਹੈ। ਇਸ ਵੀਡੀਓ ਤੋਂ ਪਤਾ ਲਗਾ ਕਿ ਮਰਨ ਵਾਲੀ ਔਰਤ ਆਪਣੇ ਭਰਾ ਤੋਂ ਪਰੇਸ਼ਾਨ ਸੀ ਅਤੇ ਇਨ੍ਹਾਂ ਦਾ ਆਪਸ ਵਿੱਚ ਪੈਸਿਆਂ ਦਾ ਲੈਣ-ਦੇਣ ਸੀ। ਤਿੰਨਾਂ ਮ੍ਰਿਤਕ ਦੇਹਾ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਔਰਤ ਦੇ ਭਰਾ ਸਮੇਤ 10 ਲੋਕਾਂ ਉੱਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।