ਗੁਰਦਾਸਪੁਰ/ਬਟਾਲਾ: ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਤੇ ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਸਿਮਰਜੀਤ ਸਿੰਘ ਬੈਂਸ ਵਿੱਚਕਾਰ ਹੋਈ ਬਹਿਸ ਦਾ ਮੁੱਦਾ ਲਗਾਤਾਰ ਭਖ਼ਦਾ ਜਾ ਰਿਹਾ ਹੈ। ਬੈਂਸ ਆਪਣੀ ਗ੍ਰਿਫ਼ਤਾਰੀ ਦੇਣ ਲਈ ਖੁਦ ਬਟਾਲਾ ਪਹੁੰਚੇ ਹਨ।
ਬਿਤੇ ਦਿਨੀਂ ਹੋਈ ਤਕਰਾਰ ਕਾਰਨ ਮੁੱਖ ਮੰਤਰੀ ਦੇ ਹੁੱਕਮਾਂ 'ਤੇ ਬੈਂਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਤਹਿਤ ਬੈਂਸ ਤੇ ਬੈਂਸ ਦੇ ਸਮਰਥਕਾ ਵੱਲੋਂ ਬਟਾਲਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦੇ ਅਧਾਰ 'ਤੇ ਪੁਲਿਸ ਵੱਲੋਂ ਬੈਂਸ ਨੂੰ ਗ੍ਰਿਫਤਾਰ ਕੀਤਾ ਜਾਣਾ ਹੈ। ਸਿਮਰਜੀਤ ਸਿੰਘ ਬੈਂਸ ਆਪਣੀ ਗ੍ਰਿਫ਼ਤਾਰੀ ਦੇਣ ਲਈ ਆਪਣੇ ਸਮਰਥਕਾ ਨਾਲ ਬਟਾਲਾ ਪਹੁੰਚ ਚੁੱਕੇ ਹਨ।
ਬਿਤੇ ਦਿਨੀਂ ਸਿਮਰਜੀਤ ਸਿੰਘ ਬੈਂਸ ਨੇ ਆਪਣੀ ਗ੍ਰਿਫ਼ਤਾਰੀ 'ਤੇ ਠੱਲ ਪਾਉਂਦੇ ਹੋਏ ਇਹ ਬਿਆਨ ਦਿੱਤਾ ਸੀ ਕਿ ਉਹ ਅੱਜ ਭਾਵ ਸ਼ੁਕਰਵਾਰ ਨੂੰ ਖ਼ੁਦ ਬਟਾਲਾ ਚੌਕ ਵਿੱਚ ਧਰਨਾ ਦੇਣ ਲਈ ਪਹੁੰਚਣਗੇ। ਉਨ੍ਹਾਂ ਨੇ ਕਿਹਾ ਕਿ ਮੇਰੇ ਨਾਲ ਉਹ ਸਮਰਥਕ ਵੀ ਹੋਣਗੇ ਜਿਨ੍ਹਾਂ 'ਤੇ ਵੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਬੈਂਸ ਨੇ ਪੁਲਿਸ ਨੂੰ ਲਲਕਾਰਦੇ ਹੋਏ ਕਿਹਾ ਕਿ ਪੁਲਿਸ ਕਿਉਂ ਬਟਾਲਾ ਤੋਂ ਲੁਧਿਆਣਾ ਆ ਕੇ ਮਹਿੰਗਾ ਪੈਟਰੋਲ ਫੂਕ ਰਹੀ ਹੈ, ਬੈਂਸ ਨੇ ਕਿਹਾ ਕਿ ਉਹ ਖ਼ੁਦ ਬਟਾਲਾ ਵਿੱਚ ਆ ਕੇ ਧਰਨਾ ਦੇਣਗੇ ਅਤੇ ਪੁਲਿਸ ਉਨ੍ਹਾਂ ਨੂੰ ਉਥੋਂ ਹੀ ਗ੍ਰਿਫ਼ਤਾਰ ਕਰ ਲਵੇ।
ਕੀ ਹੈ ਪੁਰਾ ਮਾਮਲਾ?
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਬਟਾਲਾ 'ਚ ਪਟਾਕੇ ਦੀ ਫੈਕਟਰੀ ਵਿੱਚ ਹੋਏ ਧਮਾਕੇ ਤੋਂ ਬਾਅਦ ਇੱਕ ਪਰਿਵਾਰ ਨੂੰ ਮ੍ਰਿਤਕ ਦੀ ਲਾਸ਼ ਨਾ ਮਿਲਣ ਕਾਰਨ ਵਿਧਾਇਕ ਬੈਂਸ ਅਤੇ ਡੀਸੀ ਵਿਚਕਾਰ ਬਹਿਸ ਹੋ ਗਈ ਸੀ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਬੈਂਸ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦਾ ਨੋਟਿਸ ਲਿਆ ਸੀ ਅਤੇ ਆਪਣੇ ਅਫ਼ਸਰ ਨਾਲ ਹੋਈ ਬਦਸਲੂਕੀ ਤੋਂ ਬਾਅਦ ਮੁੱਖ ਮੰਤਰੀ ਨੇ ਵਿਧਾਇਕ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਸਨ।
ਗੁਰਦਾਸਪੁਰ ਡੀਸੀ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਬੈਂਸ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਵਿੱਚ ਜਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ। 16 ਸਤੰਬਰ ਨੂੰ ਜ਼ਿਲ੍ਹਾ ਅਦਾਲਤ ਨੇ ਬੈਂਸ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਹੁਣ ਬੈਂਸ ਵੱਲੋਂ ਆਪਣੇ ਬਚਾਅ ਪੱਖ ਲਈ ਰੋਸ਼ ਪ੍ਰਦਰਸ਼ਨ ਜਾਰੀ ਹੈ।