ਗੁਰਦਾਸਪੁਰ: ਮਾਂ ਬੋਲੀ ਪੰਜਾਬੀ ਸਿੰਧ ਦਰਿਆ ਤੋਂ ਲੈ ਕੇ ਜਮੁਨਾ ਦਰਿਆ ਤੱਕ ਦੇ ਵੱਡੇ ਖਿੱਤੇ ਦੇ ਲੋਕਾਂ ਦੀ ਜ਼ੁਬਾਨ ਹੈ ਅਤੇ ਪੰਜਾਬੀ ਹੀ ਵੈਦਿਕ ਭਾਸ਼ਾ ਅਤੇ ਸੰਸਕ੍ਰਿਤੀ ਦੀ ਅਸਲ ਵਾਰਸ ਹੈ। ਇਹ ਵਿਚਾਰ ਪੰਜਾਬੀ ਭਾਸ਼ਾ ਦੇ ਵੱਖ-ਵੱਖ ਵਿਦਵਾਨਾਂ ਨੇ ਸਥਾਨਕ ਬਟਾਲਾ ਕਲੱਬ ਵਿਖੇ ਪੱਤਰਕਾਰ ਭਾਈਚਾਰੇ ਵੱਲੋਂ ਪੰਜਾਬੀ ਭਾਸ਼ਾ ਉੱਪਰ ਕਰਾਈ ਵਿਚਾਰ ਗੋਸ਼ਟੀ ਦੌਰਾਨ ਆਪਣੇ ਸੰਬੋਧਨ ਦੌਰਾਨ ਪ੍ਰਗਟ ਕੀਤੇ।
ਇਸ ਦੌਰਾਨ ਵਿਦਵਾਨਾਂ ਨੇ ਪਿਛਲੇ ਦਿਨੀਂ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਹਿੰਦੀ ਭਾਸ਼ਾ ਬਾਰੇ ਦਿੱਤੇ ਬਿਆਨ ਲੈ ਕੇ ਖੜੇ ਹੋਏ ਵਿਵਾਦ 'ਤੇ ਵੀ ਆਪਣੀ ਆਪਣੀ ਰਾਇ ਰੱਖੀ ਗਈ। ਵਿਚਾਰ ਗੋਸ਼ਟੀ ਦੌਰਾਨ ਪੰਜਾਬੀ ਭਾਸ਼ਾ ਦੇ ਕਵੀਆਂ, ਲੇਖਕਾਂ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਵਿੱਚ ਉਹ ਅਮੀਰੀ ਹੈ ਜੋ ਸ਼ਾਇਦ ਕਿਸੇ ਵਿਰਲੀ ਭਾਸ਼ਾ ਦੇ ਹਿੱਸੇ ਹੀ ਆਈ ਹੈ। ਉਨ੍ਹਾਂ ਦੱਸਿਆ ਕਿ ਵੈਦਿਕ ਭਾਸ਼ਾ ਤੋਂ ਹੀ ਅੱਗੇ ਜਾ ਕੇ ਪੰਜਾਬੀ ਬੋਲੀ ਵਿਕਸਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸ਼ਾ ਬਹੁਤ ਅਮੀਰ ਜ਼ੁਬਾਨ ਹੈ ਅਤੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਉੱਪਰ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਡਾ. ਅਨੂਪ ਸਿੰਘ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਨੂੰ ਕਿਸੇ ਇੱਕ ਧਰਮ ਜਾਂ ਫਿਰਕੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਉਨਾਂ ਕਿਹਾ ਕਿ ਜਜ਼ਬਾਤਾਂ ਅਤੇ ਅਹਿਸਾਸਾਂ ਦੀ ਬਿਆਨੀ ਜੋ ਆਪਣੀ ਮਾਂ ਬੋਲੀ ਵਿੱਚ ਕੀਤੀ ਜਾ ਸਕਦੀ ਹੈ ਉਹ ਕਿਸੇ ਹੋਰ ਬੋਲੀ ਵਿੱਚ ਕਦੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬੀ ਜ਼ੁਬਾਨ ਵਿੱਚ ਸ਼ਬਦਾਂ ਦੀ ਬਹੁਤ ਅਮੀਰੀ ਹੈ ਅਤੇ ਹਿੰਦੀ ਨੇ ਵੀ ਬਹੁਤ ਸਾਰੇ ਸ਼ਬਦ ਪੰਜਾਬੀ ਭਾਸ਼ਾ ਤੋਂ ਲਏ ਹਨ।
ਡਾ. ਅਨੂਪ ਸਿੰਘ ਨੇ ਕਿਹਾ ਕਿ ਪੰਜਾਬੀ ਹਿੰਦੀ ਨਾਲੋਂ ਵੀ ਪੁਰਾਣੀ ਅਤੇ ਅਮੀਰ ਤੇ ਮਾਣਮੱਤੀ ਬੋਲੀ ਹੈ, ਇਸ ਲਈ ਪੰਜਾਬੀ ਬੋਲਣ ਵਾਲਿਆਂ ਨੂੰ ਆਪਣੇ ਆਪ ਨੂੰ ਕਦੀ ਵੀ ਹੀਣੇ ਨਹੀਂ ਸਮਝਣਾ ਚਾਹੀਦਾ। ਉਨਾਂ ਕਿਹਾ ਕਿ ਕੋਈ ਹੋਰ ਭਾਸ਼ਾ ਸਿੱਖਣੀ ਮਾੜੀ ਗੱਲ ਨਹੀਂ ਪਰ ਮਾਂ ਬੋਲੀ ਦੀ ਬਲੀ ਦੇ ਕੇ ਹੋਰ ਭਾਸ਼ਾ ਸਿੱਖਣੀ ਕਦੀ ਵੀ ਚੰਗੀ ਗੱਲ ਨਹੀਂ ਹੋ ਸਕਦੀ। ਉਨਾਂ ਕਿਹਾ ਕਿ ਸਾਨੂੰ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ ਅਤੇ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਹੋਰ ਵੀ ਯਤਨ ਕਰਨੇ ਚਾਹੀਦੇ ਹਨ।
ਇਸ ਵਿਚਾਰ ਗੋਸ਼ਟੀ ਵਿੱਚ ਉੱਘੇ ਵਿਦਵਾਨ ਡਾ. ਅਨੂਪ ਸਿੰਘ, ਪ੍ਰੋ. ਸੁਖਵੰਤ ਸਿੰਘ ਗਿੱਲ, ਡਾ. ਰਵਿੰਦਰ ਸਿੰਘ, ਪੰਜਾਬੀ ਅਧਿਆਪਕ ਸੁਰਿੰਦਰ ਸਿੰਘ, ਵਿਜੇ ਅਗਨੀਹੋਤਰੀ ਅਤੇ ਡਾ. ਪਰਮਜੀਤ ਸਿੰਘ ਕਲਸੀ ਨੇ ਭਾਗ ਲਿਆ ਅਤੇ ਪੰਜਾਬੀ ਭਾਸ਼ਾ ਦੀ ਅਮੀਰੀਅਤ ਬਾਰੇ ਚਾਨਣਾ ਪਾਇਆ।