ਬਟਾਲਾ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਨੂੰ ਲੈ ਕੇ 30 ਨਵੰਬਰ ਨੂੰ ਪੰਜਾਬ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਵਿਸ਼ਾਲ ਪੰਡਾਲ ਲਗਾਏ ਗਏ ਹਨ।
ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਕੈਬਿਨੇਟ ਮੰਤਰੀ ਵੀ ਸਮਾਗਮ 'ਚ ਹਾਜ਼ਰੀ ਲਵਾਉਣ ਲਈ ਪੁੱਜਣਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦਾ ਪ੍ਰੋਗਰਾਮ ਤੈਅ ਹੋ ਚੁੱਕਿਆ ਹੈ ਅਤੇ ਉਹ ਕੈਬਿਨੇਟ ਮੰਤਰੀਆਂ ਸਮੇਤ ਸੋਮਵਾਰ ਸਵੇਰੇ 11:30 ਵਜੇ ਪੁੱਜਣਗੇ। ਸਭ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਮੱਥਾ ਟੇਕਣਗੇ। ਉਪਰੰਤ ਇਥੇ ਕੀਰਤਨ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਸੰਗਤਾਂ ਨਾਲ ਵੀ ਰੂਬਰੂ ਹੋਣਗੇ, ਜਿਸ ਸਬੰਧੀ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ।
ਇਸਤੋਂ ਇਲਾਵਾ ਹੋਰ ਵੀ ਵੱਖ-ਵੱਖ ਧਰਮਾਂ ਦੀਆਂ ਉਘੀਆਂ ਸਖ਼ਸ਼ੀਅਤਾਂ ਸਮਾਗਮ ਵਿੱਚ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਤਿਆਰੀਆਂ ਸਮਾਗਮ ਦੇ ਇੰਚਾਰਜ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੇਖ ਰਹੇ ਹਨ।
ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਸੁਰੱਖਿਆ ਪੱਖ ਤੋਂ ਵੀ ਕਸਬਾ ਅਤੇ ਸਮਾਗਮ ਵਾਲੇ ਪੰਡਾਲ ਦੇ ਨਜ਼ਦੀਕ ਪੰਜਾਬ ਪੁਲਿਸ ਨੇ ਸ਼ਖਤ ਇੰਤਜ਼ਾਮ ਕੀਤੇ ਹੋਏ ਹਨ। ਨਾਲ ਹੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਾਰੀ ਹਦਾਇਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਹਰ ਥਾਂ 'ਤੇ ਮਾਸਕ, ਸੈਨੇਟਾਈਜਿੰਗ, ਥਰਮਲ ਸਕੈਨਿੰਗ ਵਗੈਰਾ ਸਭ ਧਿਆਨ ਵਿੱਚ ਰੱਖੀਆਂ ਜਾ ਰਹੀਆਂ ਹਨ ਤਾਂ ਕਿ ਕਿਸੇ ਕਿਸਮ ਦੀ ਉਲੰਘਣਾ ਨਾ ਹੋਵੇ।