ਗੁਰਦਾਸਪੁਰ: ਕੋਰੋਨਾ ਵਾਇਰਸ ਭਾਰਤ ਵਿੱਚ ਵੀ ਦਸਤਕ ਦੇ ਚੁੱਕਿਆ ਹੈ। ਦੇਸ਼ ਵਿੱਚ ਇਸ ਵਾਇਰਸ ਦੇ ਕਰੀਬ 34 ਮਰੀਜ਼ ਸਾਹਮਣੇ ਆ ਚੁਕੇ ਹਨ। ਜਿਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਡਵਾਈਜ਼ਰੀ ਜਾਰੀ ਕਰ ਸਿਹਤ ਵਿਭਾਗ ਨੂੰ ਸੁਚੇਤ ਰਹਿਣ ਦੇ ਹੁਕਮ ਦਿੱਤੇ ਗਏ ਹਨ। ਉੱਥੇ ਹੀ ਭਾਰਤ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਰਾਹੀਂ ਪਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਣ-ਜਾਣ ਵਾਲੇ ਸ਼ਰਧਾਲੂਆਂ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਕਰਤਾਰਪੁਰ ਕੋਰੀਡੋਰ 'ਤੇ ਸ਼ਪੈਸ਼ਲ ਕੈਂਪ ਲਾ ਕੇ ਸ਼ਰਧਾਲੂਆਂ ਦਾ ਚੈਕਅਪ ਕਰ ਰਹੇ ਡਾਕਟਰ ਅਨੁਜ ਕੁਮਾਰ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਣ-ਜਾਣ ਵਾਲੇ ਸ਼ਰਧਾਲੂਆਂ ਦੀ ਜਾਂਚ ਕੀਤਾ ਜਾ ਰਿਹਾ ਹੈ, ਜੇਕਰ ਇਸ ਵਾਇਰਸ ਦਾ ਕੋਈ ਸ਼ਕੀ ਮਰੀਜ਼ ਮਿਲਦਾ ਹੈ ਤਾਂ ਉਸ ਨੂੰ ਤੁਰੰਤ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਵਿੱਚ ਬਣੇ ਆਈਸੂਲੇਸ਼ਨ ਵਾਰਡ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਅਜੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉੱਥੇ ਹੀ ਸ਼ਰਧਾਲੂਆਂ ਨੂੰ ਇਤਿਹਾਤ ਵਰਤਣ ਲਈ ਸੁਚੇਤ ਵੀ ਕੀਤਾ ਜਾ ਰਿਹਾ ਹੈ।