ਗੁਰਦਾਸਪੁਰ: ਮਾਸੀ ਦੀ ਕੁੜੀ ਨਾਲ ਕਥਿਤ ਨਾਜਾਇਜ਼ ਸਬੰਧਾਂ ਕਾਰਨ ਬੀਐੱਸਐੱਫ ਦੇ ਜਵਾਨ ਦਾ ਲੜਕੀ ਦੇ ਭਰਾ ਅਤੇ ਚਾਚੇ ਨੇ ਕਤਲ ਕਰ ਦਿੱਤਾ। ਪਿੰਡ ਮਾਨ ਚੋਪੜਾ ਵਾਸੀ ਸ਼ਰਨਜੀਤ ਪੁੱਤਰ ਜੋਗਿੰਦਰ ਪਾਲ ਤਿੰਨ ਸਾਲ ਪਹਿਲਾਂ ਬੀਐੱਸਐੱਫ ਵਿੱਚ ਭਰਤੀ ਹੋਇਆ ਸੀ ਅਤੇ ਉਹ ਮਨੀਪੁਰ ਵਿੱਚ ਤਾਇਨਾਤ ਸੀ। ਕੁਝ ਦਿਨ ਪਹਿਲਾਂ ਉਹ ਛੁੱਟੀ ਲੈ ਕੇ ਘਰ ਆਇਆ ਸੀ। ਉਸ ਦੇ ਭਰਾ ਅਰਸ਼ਦੀਪ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਪਿੰਡ ਰਾਂਝਿਆਂ ਦਾ ਡੇਰਾ (ਤਾਰਾਗੜ੍ਹ) ਤੋਂ ਉਸ ਦੀ ਮਾਸੀ ਦਾ ਲੜਕਾ ਕੁਲਦੀਪ ਕੁਮਾਰ ਅਤੇ ਚਾਚਾ ਪ੍ਰੇਮ ਪਾਲ ਉਨ੍ਹਾਂ ਦੇ ਘਰ ਆਏ।
ਮ੍ਰਿਤਕ ਦੇ ਭਰਾ ਮੁਤਾਬਕ ਚਾਹ-ਪਾਣੀ ਪੀਣ ਮਗਰੋਂ ਉਹ ਸ਼ਰਨਜੀਤ ਨਾਲ ਹਵੇਲੀ ਵੱਲ ਚਲੇ ਗਏ। ਕੁਲਦੀਪ ਕੁਮਾਰ ਦੇ ਚਾਚਾ ਪ੍ਰੇਮ ਪਾਲ ਨੇ ਪਰਨੇ ਨਾਲ ਸ਼ਰਨਜੀਤ ਦਾ ਗਲਾ ਘੁੱਟ ਦਿੱਤਾ ਅਤੇ ਕੁਲਦੀਪ ਨੇ ਉਸ ਦੇ ਢਿੱਡ ਵਿੱਚ ਕਿਰਚਾਂ ਦੇ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਦੀ ਇਲਾਜ ਲਈ ਅੰਮ੍ਰਿਤਸਰ ਲਿਜਾਂਦਿਆਂ ਰਸਤੇ ਵਿੱਚ ਹੀ ਮੌਤ ਹੋ ਗਈ।
ਮਾਮਲੇ ਸੰਬਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਪਿੰਡ ਮਾਨ ਚੋਪੜਾ ਵਿੱਚ ਛੁਟੀ ਉੱਤੇ ਆਏ ਬੀਐਸਐਫ ਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਮੌਕੇ ਤੇ ਪਹੁਚ ਜਾਂਚ ਕਾਰਨ ਤੇ ਸਾਮਣੇ ਆਇਆ ਹੈ ਦੀ ਬੀਐਸਐਫ ਜਵਾਨ ਦਾ ਆਪਣੀ ਹੀ ਮਾਸੀ ਦੀ ਕੁੜੀ ਦੇ ਨਾਲ ਪ੍ਰੇਮ ਸਬੰਧ ਸਨ। ਇਸ ਬਾਰੇ ਵਿੱਚ ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਕੁੜੀ ਦੇ ਭਰਾ ਅਤੇ ਚਾਚਾ ਵਲੋਂ ਸ਼ਰਨਜੀਤ ਦੇ ਘਰ ਵਿੱਚ ਦਾਖ਼ਿਲ ਹੋ ਉਸਦਾ ਕਤਲ ਕਰ ਦਿੱਤਾ ਗਿਆ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਰੋਪੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।