ਗੁਰਦਾਸਪੁਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਕਿਸਾਨ ਕੇਂਦਰ ਸਰਕਾਰ ਖਿਲਾਫ਼ ਸੰਘਰਸ਼ ਕਰ ਰਹੇ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਇਨ੍ਹਾਂ ਕਾਨੂੰਨਾਂ ਖਿਲਾਫ਼ ਧਰਨਾ ਦੇ ਰਹੇ ਹਨ। ਇਸ ਅੰਦੋਲਨ 'ਚ ਹਰ ਵਰਗ ਦੇ ਲੋਕ ਆਪਣੇ-ਆਪਣੇ ਤੌਰ 'ਤੇ ਸ਼ਾਮਿਲ ਹੋ ਰਹੇ ਹਨ।
ਇਸ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਲਾਲਵਾਲਾ ਦੀ ਮਨਜੀਤ ਕੌਰ ਵੱਲੋਂ ਕਿਸਾਨਾਂ ਦੇ ਇਸ ਸੰਘਰਸ਼ 'ਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਮਬੰਦ ਕਰਨ ਦੀ ਅਪੀਲ ਕੀਤੀ ਅਤੇ ਇੱਕ ਵੱਖਰੀ ਪਹਿਲ ਕਰਦਿਆਂ ਆਪਣੇ ਪਿੰਡ ਤੋਂ ਦਿੱਲੀ ਕਰੀਬ 500 ਕਿਲੋਮੀਟਰ ਦੌੜ ਲਗਾ ਕੇ ਜਾਣ ਦਾ ਐਲਾਨ ਕੀਤਾ ਤੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਅਰਦਾਸ ਕਰਕੇ ਦਿੱਲੀ ਵੱਲ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ। ਇਸ ਮੌਕੇ ਮਨਜੀਤ ਕੌਰ ਦੇ ਇਸ ਸਫ਼ਰ 'ਚ ਉਸਦੀ ਸਿਹਤ ਦੀ ਦੇਖ ਭਾਲ ਲਈ ਪਿੰਡ ਅਤੇ ਉਸਦੇ ਪਰਿਵਾਰ ਦੀ ਪੰਜ ਮੈਂਬਰੀ ਟੀਮ ਵੀ ਰਵਾਨਾ ਹੋਈ।
ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਕੌਰ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਜਿੰਨ੍ਹਾਂ ਮਰਜ਼ੀ ਕਿਸਾਨਾਂ ਨੂੰ ਤੰਗ ਕਰ ਲਵੇ ਪਰ ਕਿਸਾਨਾਂ ਦੇ ਹੌਂਸਲੇ ਨਹੀਂ ਟੁੱਟਣਗੇ। ਉਨ੍ਹਾਂ ਦੱਸਿਆ ਕਿ ਤਿੰਨੇ ਖੇਤੀ ਕਾਨੂੰਨ ਜਦੋਂ ਤਕ ਰੱਦ ਨਹੀਂ ਹੋ ਜਾਂਦੇ ਕਿਸਾਨਾਂ ਦੇ ਹੌਂਸਲੇ ਬੁਲੰਦ ਰਹਿਣਗੇ।
ਉਨ੍ਹਾਂ ਦੱਸਿਆ ਕਿ ਇਹ ਦੌੜ ਕਰੀਬ ਬਾਰਾਂ ਤੋਂ ਪੰਦਰਾਂ ਦਿਨਾਂ 'ਚ ਸਿੰਘੂ ਬਾਰਡਰ 'ਤੇ ਪਹੁੰਚ ਕੇ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਸਟੇਜ਼ਾਂ 'ਤੇ ਪ੍ਰਚਾਰ ਕਰਕੇ ਆਪਣੀਆਂ ਭੈਣਾਂ ਅਤੇ ਨੌਜਵਾਨ ਵੀਰਾਂ ਨੂੰ ਲਾਮਬੰਦ ਕੀਤਾ ਜਾਵੇਗਾ ਤਾਂ ਜੋ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਥੇ ਹੀ ਮਨਜੀਤ ਕੌਰ ਨਾਲ ਪਿੰਡ ਤੋਂ ਉਹਨਾਂ ਨਾਲ ਜਾਣ ਵਾਲੀ ਟੀਮ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਮਨਜੀਤ ਕੌਰ ਦੀ ਹੌਸਲਾ ਅਫ਼ਜ਼ਾਈ ਲਈ ਉਹ ਉਸ ਦੇ ਨਾਲ ਜਾ ਰਹੇ ਹਨ ਅਤੇ ਉਸ ਦਾ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਸ੍ਰੀਗੰਗਾਨਗਰ 'ਚ ਫੌਜ ਦੀ ਜਿਪਸੀ ਪਲਟੀ, ਅੱਗ ਲੱਗਣ ਨਾਲ ਜ਼ਿੰਦਾ ਸੜੇ 3 ਜਵਾਨ,5 ਗੰਭੀਰ ਜ਼ਖਮੀ